ਡਾ. ਢਿੱਲੋਂ ਦੀ ਕਿਤਾਬ 'ਭਾਰਤ ਵਲੋਂ ਆਤਮ ਹਤਿਆ' ਪੇਸ਼ ਕਰਨ ਗਏ ਸਨ ਖਾਲੜਾ ਮਿਸ਼ਨ ਦੇ ਆਗੂ
ਅੰਮ੍ਰਿਤਸਰ, 19 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਵਫ਼ਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੂੰ ਮਿਲਿਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋਂ ਨੂੰ ਜੂਨ 1984 ਦੇ ਸਮੇਂ ਦੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਤੇ ਡਾ. ਗੁਰਦਰਸ਼ਨ ਸਿੰਘ ਢਿੱਲੋ ਵੱਲੋਂ ਲਿਖੀ ਕਿਤਾਬ 'ਭਾਰਤ ਵਲੋਂ ਆਤਮ ਹਤਿਆ' (ਇੰਡੀਆ ਕਮਿਟਸ ਸੁਸਾਈਡ) ਪੇਸ਼ ਕੀਤੀ। ਅਧਿਕਾਰੀਆਂ ਨੇ ਇਹ ਕਿਤਾਬ ਪ੍ਰਾਪਤ ਕਰਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋਂ ਨੂੰ ਭੇਂਟ ਕਰਨ ਤੇ ਅਸਮੱਰਥਾ ਜ਼ਾਹਰ ਕੀਤੀ। ਕਿਤਾਬ ਵਿਚ ਵਰਨਣ ਕੀਤਾ ਗਿਆ ਹੈ ਕਿ ਕਿਵੇਂ ਭਾਰਤ ਸਰਕਾਰ ਨੇ 1984 'ਚ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰ ਕੇ ਤੋਪਾਂ ਨਾਲ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਸਿੱਖਾਂ ਨਾਲ ਕੀਤਾ ਗਿਆ ਧ੍ਰੋਹ ਅਤੇ ਵਾਅਦੇ ਤੋਂ ਮੁਕਰਨ ਦੀ ਹਾਲਤ ਦਰਸਾਈ ਗਈ ਹੈ ਕਿ ਕਿਸ ਤਰ੍ਹਾਂ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ, ਵਲਭ ਭਾਈ ਪਟੇਲ ਉਪ ਪ੍ਰਧਾਨ ਮੰਤਰੀ ਗ੍ਰਹਿ ਆਦਿ ਨੇ ਵਾਅਦਾ ਖ਼ਿਲਾਫ਼ੀ ਕੀਤੀ।
ਜਦ ਸਿੱਖਾਂ ਨੇ ਮਾਂ ਬੋਲੀ ਤੇ ਆਧਾਰਤ ਦਖਣੀ ਭਾਰਤ ਦੇ ਸੂਬੇ ਬਣਾਉਣ ਦਾ ਐਲਾਨ ਕੀਤਾ ਤਾਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤਾਂ ਪੰਡਤ ਨਹਿਰੂ ਨੇ ਵਿਤਕਰਾ ਕਰਦਿਆਂ ਕਿਹਾ ਕਿ ਇਹ ਮੇਰੀ ਲਾਸ਼ 'ਤੇ ਬਣੇਗਾ। ਕਿਤਾਬ ਵਿਚ ਡਾ. ਅੰਬੇਦਕਰ ਦੇ ਹਵਾਲੇ ਨਾਲ ਵਰਨਣ ਕੀਤਾ ਹੈ ਕਿ ਨਹਿਰੂ, ਪਟੇਲ ਤੇ ਗਾਂਧੀ ਦਾ ਏਜੰਡਾ ਹਿੰਦੂ ਮਹਾਂ ਸਭਾ ਵਾਲਾ ਹੈ। ਇਸ ਕਿਤਾਬ ਵਿਚ ਪੰਜਾਬੀ ਬੋਲਦੇ ਇਲਾਕੇ, ਬਿਜਲੀ, ਪਾਣੀ ਖੋਹੇ ਗਏ। ਦਰਬਾਰ ਸਾਹਿਬ 'ਤੇ ਹਮਲੇ ਦੀ ਕੋਈ ਪੜਤਾਲ ਨਹੀਂ ਹੋਈ, ਭਾਵੇਂ ਜਲਿਆਂਵਾਲੇ ਬਾਗ਼ ਦੇ ਕਾਂਡ ਦੀ ਹੋਈ ਹੈ। ਅਪ੍ਰੇਸ਼ਨ ਵੁੱਡ ਰੋਜ਼ ਸਮੇਂ 8000 ਲੋਕ ਲਾਪਤਾ ਹੋ ਗਏ। ਇਸ ਕਿਤਾਬ ਵਿਚ ਦਿੱਲੀ ਵਿਚ ਸਿੱਖ ਕਤਲ-ਏ-ਆਮ ਤੇ ਨਸਲਕੁਸ਼ੀ ਬਾਰੇ ਵਿਸਤਾਰ ਨਾਲ ਵਰਨਣ ਕੀਤਾ ਗਿਆ ਹੈ। ਖਾਲੜਾ ਮਿਸ਼ਨ ਦੇ ਆਗੂਆਂ ਸਤਵਿੰਦਰ ਸਿੰਘ ਪਲਾਸੌਰ, ਡਾ. ਕਾਬਲ ਸਿੰਘ, ਕ੍ਰਿਪਾਲ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਹਰਮਨਬੀਰ ਸਿੰਘ, ਪ੍ਰਵੀਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋਂ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਪੁੱਜਣ। ਆਗੂਆਂ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਦੇ ਨਾਂ ਹੇਠ ਪ੍ਰਸ਼ਾਸਨ ਸਿੱਖ ਆਗੂਆਂ ਨੂੰ ਅੰਦਰ ਜਾਣ 'ਤੇ ਪਾਬੰਧੀ ਲਾ ਰਿਹਾ ਹੈ ਪਰ ਗੁਰੂ ਘਰ ਸੱਭ ਨੂੰ ਜਾਣ ਦਾ ਹੱਕ ਹੈ।