ਅੰਮ੍ਰਿਤਸਰ, 20 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਉਨ੍ਹਾਂ ਦੇ ਸਵਾਗਤ ਵਿਚ ਵਿਖਾਈ ਉਦਾਸੀਨਤਾ ਨੂੰ ਲੈ ਕੇ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਅੰਮ੍ਰਿਤਸਰ ਵਿਖੇ ਟਰੂਡੋ ਫੇਰੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਸਵਾਗਤੀ ਪ੍ਰਬੰਧਾਂ ਵਿਚ ਸ਼ਾਮਲ ਹੋਣ ਸਮੇਂ ਕੀਤਾ। ਗਰੇਵਾਲ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੀ ਇਹ ਗੁਨਾਹ ਹੈ ਕਿ ਉਨ੍ਹਾਂ ਕੈਨੇਡਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸਿੱਖਾਂ ਦਾ ਵਿਸ਼ਵਾਸ ਅਤੇ ਪਿਆਰ ਜਿਤਿਆ ਹੈ। ਸਿੱਖਾਂ ਦੇ ਹਮਾਇਤੀ ਹੋਣ ਕਰ ਕੇ ਦੇਸ਼ ਦੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਉਸ ਦੇ ਸਵਾਗਤ ਲਈ ਅਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਜ਼ਰਾਈਲ ਵਰਗੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਕਾਨੂੰਨ ਦੀ ਉਲੰਘਣਾ ਕਰ ਕੇ ਉਸ ਦੇ ਸਵਾਗਤ ਵਿਚ ਹਵਾਈ ਅੱਡੇ 'ਤੇ ਪਹੁੰਚਦੇ ਹਨ
ਪਰ ਇਸ ਫੇਰੀ ਲਈ ਜਿਸ ਵਿਚ ਪ੍ਰਧਾਨ ਮੰਤਰੀ ਦੇ ਨਾਲ ਕੈਨੇਡਾ ਦੇ ਮੰਤਰੀ ਮੰਡਲ ਦੇ ਚਾਰ ਸਿੱਖ ਮੰਤਰੀ ਅਤੇ 16 ਦੇ ਕਰੀਬ ਪੰਜਾਬੀ ਐਮ.ਪੀ. ਸ਼ਾਮਲ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਸਬੰਧੀ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਪਹਿਲਾਂ ਵੀ ਕੈਨੇਡਾ ਦੇ ਰਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦੀ ਫੇਰੀ ਸਮੇਂ ਅਤੇ ਹੁਣ ਪ੍ਰਧਾਨ ਮੰਤਰੀ ਤੇ ਉਸ ਦੀ ਕੈਬਨਿਟ ਦਾ ਦਰਬਾਰ ਸਾਹਿਬ ਦੇ ਦਰਸ਼ਨਾਂ 'ਤੇ ਪੁੱਜਣ ਸਮੇਂ ਵੱਡੀ ਪਧਰ 'ਤੇ ਪੰਥਕ ਰਵਾਇਤਾਂ ਮੁਤਾਬਕ ਸ਼ੋਮਣੀ ਕਮੇਟੀ ਅਪਣੇ ਸਹਿਯੋਗੀਆਂ ਨਾਲ ਜੋ ਸਵਾਗਤ ਕਰ ਰਹੀ ਹੈ, ਉਸ ਦੇ ਲਈ ਸਿੱਖਾਂ ਦੇ ਮਨਾਂ ਅੰਦਰ ਭਾਰੀ ਉਤਸ਼ਾਹ ਹੈ। ਇਸ ਮੌਕੇ ਕਮਲਜੀਤ ਸਿੰਘ ਲਾਲੀ, ਦਿਸ਼ਾਦੀਪ ਸਿੰਘ ਵਾਰਸ, ਮਨਜੀਤ ਸਿੰਘ, ਗੁਰਫ਼ਤਹਿ ਸਿੰਘ, ਸੁਖਦੀਪ ਸਿੰਘ ਸਿਧਵਾਂ, ਗੁਰਜੀਤ ਸਿੰਘ ਰੰਧਾਵਾ ਆਦਿ ਮੌਜੂਦ ਸਨ।