ਠਾਕੁਰ ਦਲੀਪ ਸਿੰਘ ਦਾ ਪੰਜਾਬ 'ਚ ਦਾਖ਼ਲਾ ਬੰਦ ਹੋਵੇ : ਗੁਰਚੇਤਨ ਸਿੰਘ

ਪੰਥਕ, ਪੰਥਕ/ਗੁਰਬਾਣੀ


ਕੋਟਕਪੂਰਾ, 4 ਸਤੰਬਰ (ਗੁਰਿੰਦਰ ਸਿੰਘ): ਸਿੱਖ ਰਹਿਤ ਮਰਿਆਦਾ ਨੂੰ ਚੁਨੌਤੀ ਦੇਣ ਅਤੇ ਪੰਥ 'ਚ ਵਿਵਾਦ ਖੜਾ ਕਰਦੇ ਰਹਿਣ ਕਰ ਕੇ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਦਾ ਪੰਜਾਬ 'ਚ ਪੱਕੇ ਤੌਰ 'ਤੇ ਦਾਖ਼ਲਾ ਬੰਦ ਕਰਾਉਣ ਲਈ ਪੰਜਾਬ ਭਰ ਦੀ ਸੰਗਤ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਬੁਲਾਈ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖ ਸਦਭਾਵਨਾ ਦਲ ਦੇ ਜਨਰਲ ਸਕੱਤਰ ਭਾਈ ਗੁਰਚੇਤਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮਾਣ-ਸਤਿਕਾਰ ਬਰਕਰਾਰ ਰੱਖਣ ਅਤੇ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ 6 ਸਤੰਬਰ ਨੂੰ ਜ਼ਿਲ੍ਹਾ ਪਧਰੀ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਭਰ 'ਚ ਮੰਗ ਪੱਤਰ ਸੌਂਪੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਜਾਦ, ਬਾਪੂ ਗੁਲਜਾਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਬੱਬੂ, ਸੁਖਚੈਨ ਸਿੰਘ ਬੂਟਾ, ਮਨਜੀਤ ਸਿੰਘ ਭੋਲਾ ਆਦਿ ਵੀ ਹਾਜਰ ਸਨ।  ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵਲੋਂ ਪੰਜਾਬ ਦੇ ਹਰ ਸਕੂਲ ਵਿਚ ਪੰਜਾਬੀ ਪੜ੍ਹਾਈ ਦਾ ਵਿਸ਼ਾ ਲਾਜ਼ਮੀ ਕੀਤੇ ਜਾਣ ਦਾ ਵਿਧਾਨ ਸਭਾ ਵਿਚ ਕਾਨੂੰਨ ਪਾਸ ਕੀਤਾ ਗਿਆ ਜਿਸ ਨੂੰ ਅੱਖੋਂ-ਪਰੋਖੇ ਕਰ ਕੇ ਕਈ ਪ੍ਰਾਈਵੇਟ ਸਕੂਲ/ਕਾਲਜ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਧਾਰ ਕਾਰਡ 'ਤੇ ਵੀ ਅੰਗਰੇਜ਼ੀ ਦੇ ਨਾਲ ਹਿੰਦੀ ਭਾਸ਼ਾ ਦੀ ਵਰਤੋਂ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਵਾਂਝਾ ਕਰਨ ਦਾ ਵੀ ਉਹ ਵਿਰੋਧ ਕਰਨਗੇ। ਉਕਤ ਆਗੂਆ ਨੇ ਵਿਵਾਦਤ ਨਾਮਧਾਰੀ ਸੰਪਰਦਾ ਦੇ ਆਗੂ ਠਾਕੁਰ ਦਲੀਪ ਵਲੋਂ ਸਿਰਸਾ ਵਿਖੇ ਅੰਮ੍ਰਿਤਧਾਰੀ ਬੀਬੀਆਂ ਤੋਂ ਅੰਮ੍ਰਿਤ ਛਕਾਉਣ ਤੇ ਹੋਰ ਸਿੱਖ ਰਹਿਤ ਮਰਿਆਦਾ ਨੂੰ ਚੁਨੌਤੀ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਿਛਲੇ ਦਿਨੀ ਉਸ ਵਲੋ ਖ਼ੁਦ ਨੂੰ ਰੱਬ ਦੱਸ ਕੇ ਅਪਣੇ ਆਪ ਦੀ ਆਰਤੀ 'ਗੁਰੂਸ਼ਬਦ' ਪੜ੍ਹ ਕੇ ਕਰਵਾਈ ਜਿਨ੍ਹਾਂ ਦੀ ਉਕਤ ਆਗੂਆਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਇਸ ਮੁਖੀ 'ਤੇ ਅਖੌਤੀ ਪੈਰੋਕਾਰਾਂ ਵਲੋਂ ਅਪਣੀ ਸੰਸਥਾ ਦਾ ਪੂਰਨ ਸਹਿਯੋਗ ਦਿਤਾ। ਇਸ ਤੋਂ ਸਿੱਧ ਹੈ ਕਿ ਇਹ ਵੀ ਸੌਦਾ ਸਾਧ ਦੀ ਬੀ ਟੀਮ ਦਾ ਕੰਮ ਕਰਦੇ ਹਨ।