'ਤਿਹਾੜ ਜੇਲ 'ਚ ਬੰਦੀ ਸਿੰਘਾਂ 'ਤੇ ਹੋਏ ਕਾਤਲਾਨਾ ਹਮਲੇ ਦੀ ਸੀ.ਬੀ.ਆਈ. ਜਾਂਚ ਹੋਵੇ'

ਪੰਥਕ, ਪੰਥਕ/ਗੁਰਬਾਣੀ




ਨਵੀਂ ਦਿੱਲੀ, 23 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਕਿਹਾ ਹੈ ਕਿ ਤਿਹਾੜ ਜੇਲ 'ਚ ਬੰਦੀ ਸਿੰਘਾਂ 'ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ. ਦੇ ਹਵਾਲੇ ਕੀਤੀ ਜਾਵੇ।


ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਉਕਤ ਘਟਨਾ ਨੂੰ ਮਨੁੱਖੀ ਅਧਿਕਾਰਾਂ ਤੇ ਜੇਲ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿਤਾ ਹੈ। ਉਨ੍ਹਾਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਇਸ ਮਸਲੇ 'ਤੇ ਸੀ.ਬੀ.ਆਈ. ਡਾਈਰੈਕਟਰ ਨੂੰ ਮਾਮਲੇ ਦੀ ਜਾਂਚ ਲਈ ਪੱਤਰ ਭੇਜਣ ਦੀ ਜਾਣਕਾਰੀ ਦਿਤੀ ਹੈ।


ਉਨ੍ਹਾਂ ਜੇਲ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਦਇਆ ਸਿੰਘ ਲਾਹੌਰੀਆ 'ਤੇ ਹੋਏ ਹਮਲੇ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਪੁਲਿਸ ਤਸ਼ੱਦਦ ਦਾ ਸ਼ਿਕਾਰ ਜ਼ਿਆਦਾਤਰ ਘੱਟਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਕੈਦੀ ਹੀ ਹੁੰਦੇ ਹਨ। ਉਨ੍ਹਾਂ ਦਸਿਆ ਕਿ ਇਕ ਪਾਸੇ ਦਿੱਲੀ ਕਮੇਟੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ 'ਚ ਤਕਲੀਫ਼ ਹੋਣ ਕਰ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਅਦਾਲਤ ਅਤੇ ਪ੍ਰਸ਼ਾਸਨ ਤਕ ਭਾਈ ਹਵਾਰਾ ਦੇ ਇਲਾਜ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਲਾਜ ਦੇਣਾ ਤਾਂ ਦੂਰ ਸਿੱਖ ਬੰਦੀਆਂ ਨੂੰ ਜਾਣਬੁੱਝ ਕੇ ਜੇਲ ਪ੍ਰਸ਼ਾਸਨ ਵਲੋਂ ਸੀ.ਸੀ.ਟੀ.ਵੀ. ਕੈਮਰੇ ਬੰਦ ਕਰ ਕੇ ਕੁਟਿਆ ਜਾ ਰਿਹਾ ਹੈ। ਸ. ਜੌਲੀ ਨੇ ਹੈਰਾਨੀ ਪ੍ਰਗਟਾਈ ਕਿ ਬਿਨਾਂ ਕਿਸੇ ਕਸੂਰ ਦੇ ਕੁੱਟੇ ਗਏ ਸਿੱਖ ਬੰਦੀਆਂ ਨੂੰ ਇਲਾਜ ਉਪਲਬੱਧ ਕਰਾਉਣ ਤੋਂ ਵੀ ਜੇਲ ਪ੍ਰਸ਼ਾਸਨ ਪਾਸਾ ਵੱਟ ਰਿਹਾ ਹੈ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਦਿੱਲੀ ਦੇ ਜੇਲ ਮੰਤਰੀ ਨੂੰ ਇਸ ਸਬੰਧੀ ਖ਼ੁਦ ਅੱਗੇ ਆ ਕੇ ਦੋਸ਼ੀ ਜੇਲ ਪ੍ਰਸ਼ਾਸਨ ਵਿਰੁਧ ਮੁਕੱਦਮਾ ਦਰਜ ਕਰਾਉਣ ਦੀ ਨਸੀਹਤ ਦਿਤੀ। ਜੌਲੀ ਨੇ ਸਿੱਖ ਅਤੇ ਮੁਸਲਿਮ ਕੈਦੀਆਂ ਨਾਲ ਹੋਈ ਮਾਰ-ਕੁੱਟ ਨੂੰ ਦੇਸ਼ ਦੇ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਸਾਜ਼ਸ਼ ਵੀ ਦਸਿਆ।