ਉਪ ਰਾਜਪਾਲ ਟਾਈਟਲਰ ਵਿਰੁਧ ਕਾਰਵਾਈ ਕਰਵਉਣ ਲਈ ਅੱਗੇ ਆਉਣ: ਮਨਜੀਤ ਸਿੰਘ ਜੀ.ਕੇ.

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ: 9 ਫ਼ਰਵਰੀ (ਅਮਨਦੀਪ ਸਿੰਘ)  : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰ ਕੇ, ਸਿੱਖ ਕਤਲੇਆਮ ਦੇ ਮਾਮਲੇ ਵਿਚ ਜਗਦੀਸ਼ ਟਾਈਟਰ ਦੇ ਅਖੌਤੀ ਗੁਪਤ ਵੀਡੀਉ ਦਾ ਹਵਾਲਾ ਦੇ ਕੇ, ਉਸਨੂੰ ਬਾਰੇ ਕਾਰਵਾਈ ਕਰਨ ਦੀ ਮੰਗ ਕੀਤੀ।ਵਫ਼ਦ ਵਿਚ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ, ਜਗਦੀਪ ਸਿੰਘ ਕਾਹਲੋਂ, ਸਰਬਜੀਤ ਸਿੰਘ ਵਿਰਕ ਸਣੇ ਸਿਮਰਤ ਸਿੰਘ ਸਾਹਨੀ ਤੇ ਹੋਰ ਸ਼ਾਮਲ ਸਨ। ਸ.ਜੀ.ਕੇ. ਨੇ ਕਿਹਾ ਕਿ ਟਾਈਟਲਰ ਦਾ 100 ਸਿੱਖਾਂ ਨੂੰ ਕਤਲ ਕਰਨ ਦਾ ਜ਼ੁਰਮ ਕਬੂਲ ਕਰਨਾ ਸਾਬਤ ਕਰਦਾ ਹੈ ਕਿ ਉਹ ਅਤਿਵਾਦੀ ਤੋਂ ਘੱਟ ਨਹੀਂ।

 ਉਨ੍ਹਾਂ ਪੁਛਿਆ ਕਿ ਭਾਰਤੀ ਏਜੰਸੀਆਂ ਇਕ ਕਤਲ ਕਰਨ ਵਾਲੇ ਨੂੰ ਵੀ ਅਤਿਵਾਦੀ ਗਰਦਾਨ ਦਿੰਦੀਆਂ ਹਨ,  ਫਿਰ ਫਿਰਕੂ ਸੋਚ ਅਧੀਨ 100 ਸਿੱਖਾਂ ਨੂੰ ਕਤਲ ਕਰਨ ਵਾਲੇ ਨੂੰ ਅਤਿਵਾਦੀ ਕਿਉਂ ਨਾ ਐਲਾਨਿਆ ਜਾਵੇ?ਸ. ਸਿਰਸਾ ਨੇ ਕਿਹਾ ਕਿ ਟਾਈਟਲਰ ਦੀ ਵੀਡੀਉ ਸਾਫ਼ ਤੌਰ 'ਤੇ ਗਾਂਧੀ ਪਰਵਾਰ ਦੇ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਹੋਣ ਦਾ ਇਸ਼ਾਰਾ ਕਰਦਾ ਹੈ। ਸ. ਸਿਰਸਾ ਤੇ ਸਮੁੱਚੇ ਵਫ਼ਦ ਨੇ ਉਪ ਰਾਜਪਾਲ ਦਾ ਇਸ ਗੱਲੋਂ ਧਨਵਾਦ ਕੀਤਾ ਕਿ ਉਨ੍ਹਾਂ ਦਿੱਲੀ ਵਿਚ ਆਨੰਦ ਮੈਰਿਜ ਐਕਟ ਲਾਗੂ ਕਰ ਦਿਤਾ ਹੈ।ਸਿਰਸਾ ਨੇ ਕਿਹਾ ਕਿ ਅਨੰਦ ਮੈਰਿਜ ਐਕਟ ਲਾਗੂ ਕਰਨ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਕੀਤਾ ਜਾ ਰਿਹਾ ਦਾਅਵਾ ਝੂਠਾ ਤੇ ਗੁਮਰਾਹਕੁਨ ਹੈ।