ਵਰਲਡ ਸਿੱਖ ਕਨਵੈਨਸ਼ਨ 3 ਤੇ 4 ਮਾਰਚ ਨੂੰ ਹੋਵੇਗੀ ਨਿਊਯਾਰਕ ਵਿਚ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 5 ਫ਼ਰਵਰੀ (ਗੁਰਿੰਦਰ ਸਿੰਘ) : ਵਰਲਡ ਸਿੱਖ ਕਨਵੈਨਸ਼ਨ ਦੇ ਪ੍ਰਬੰਧਕ ਮੈਂਬਰਾਂ ਵਲੋਂ ਇਕ ਪੋਸਟਰ ਜਾਰੀ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਦਿਤੇ ਸੰਦੇਸ਼ ਅਨੁਸਾਰ 'ਵਰਲਡ ਸਿੱਖ ਕਨਵੈਨਸ਼ਨ' 3 ਅਤੇ 4 ਮਾਰਚ ਨੂੰ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸੰਦੇਸ਼ ਭਾਈ ਹਵਾਰਾ ਵਲੋਂ ਹੱਥ ਲਿਖਤ ਤੌਰ 'ਤੇ ਦਿਤਾ ਗਿਆ ਹੈ ਜਿਸ ਵਿਚ ਸਮੁੱਚੀ ਸਿੱਖ ਕੌਮ ਨੂੰ ਇਕਮੁਠ ਹੋ ਕੇ ਸਿੱਖ ਮਸਲੇ ਹੱਲ ਕਰਨ ਲਈ ਕਿਹਾ ਗਿਆ ਅਤੇ ਵਰਲਡ ਸਿੱਖ ਕਨਵੈਨਸ਼ਨ 'ਚ ਸਮੁੱਚੀ ਸਿੱਖ ਕੌਮ ਨੂੰ ਪੁੱਜਣ ਲਈ ਸੱਦਾ ਦਿਤਾ ਹੈ। ਹਿੰਮਤ ਸਿੰਘ, ਡਾ. ਅਮਰਜੀਤ ਸਿੰਘ, ਅਮਰਦੀਪ ਸਿੰਘ ਆਦਿ ਵਲੋਂ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਨੂੰ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਵਰਲਡ ਸਿੱਖ ਕਨਵੈਨਸ਼ਨ 3 ਅਤੇ 4 ਮਾਰਚ ਨੂੰ ਨਿਊਯਾਰਕ (ਯੂ.ਐਸ.ਏ.) 'ਚ ਕਰਵਾਈ ਜਾ ਰਹੀ ਹੈ, 3 ਮਾਰਚ ਨੂੰ ਦੁਪਹਿਰ 1:00 ਤੋਂ 6:00 ਵਜੇ ਤਕ ਵਰਲਡ ਫੇਅਰ ਮਰੀਨਾ ਫਲੁਸ਼ਿੰਗ ਨਿਊਯਾਰਕ ਵਿਖੇ ਸਿੱਖ ਪੰਥ ਜੁੜੇਗਾ ਜਦਕਿ 4 ਮਾਰਚ ਨੂੰ 1:00 ਤੋਂ 4:00 ਵਜੇ ਤਕ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ 'ਚ ਸਿੱਖ ਪੰਥ ਜੁੜ ਕੇ ਵਿਚਾਰਾਂ ਕਰੇਗਾ।