ਕੋਟਕਪੂਰਾ, 27 ਫ਼ਰਵਰੀ (ਗੁਰਿੰਦਰ ਸਿੰਘ) : 3 ਅਤੇ 4 ਮਾਰਚ ਨੂੰ ਨਿਊਯਾਰਕ 'ਚ ਹੋਣ ਵਾਲੀ 'ਵਰਲਡ ਸਿੱਖ ਕਨਵੈਨਸ਼ਨ' ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ, ਇਸ ਕਨਵੈਨਸ਼ਨ ਵਿਚ 'ਵਰਲਡ ਸਿੱਖ ਪਾਰਲੀਮੈਂਟ' ਦੀ ਸੰਪੂਰਨਤਾ ਵਲ ਵਧਿਆ ਜਾਵੇਗਾ ਤਾਂ ਕਿ ਸਮੁੱਚੀ ਸਿੱਖ ਕੌਮ ਇਕਮੁਠ ਹੋ ਕੇ ਸਿੱਖ ਮਸਲੇ ਹੱਲ ਕਰਨ ਲਈ ਵਿਚਾਰ ਅਧੀਨ ਲਿਆ ਸਕੇ। ਇਸ ਸਬੰਧੀ ਅੱਜ ਵਰਲਡ ਸਿੱਖ ਕਨਵੈਨਸ਼ਨ ਦੇ ਪ੍ਰਬੰਧਕਾਂ ਨੇ ਸਮੁੱਚੀ ਸਿੱਖ ਕੌਮ ਨੂੰ ਸਮੇਂ ਸਿਰ 3-4 ਮਾਰਚ ਨੂੰ ਪੁੱਜਣ ਲਈ ਸੱਦਾ ਦਿਤਾ ਹੈ। ਵਰਲਡ ਸਿੱਖ ਕਨਵੈਨਸ਼ਨ ਦੇ ਪ੍ਰਬੰਧਕਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜੇ ਬਿਆਨ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਨੂੰ ਸੱਦਾ ਪੱਤਰ ਦਿੰਦਿਆਂ ਕਿਹਾ ਹੈ ਕਿ ਵਰਲਡ ਸਿੱਖ ਕਨਵੈਨਸ਼ਨ 3 ਅਤੇ 4 ਮਾਰਚ ਸਨਿਚਰਵਾਰ, ਐਤਵਾਰ ਨੂੰ ਦੁਪਹਿਰ 1 ਵਜੇ ਤੋਂ 6 ਵਜੇ ਤਕ ਵਰਲਡ ਫ਼ੇਅਰ ਮਰੀਨਾ ਫ਼ਲਸ਼ਿੰਗ ਨਿਊਯਾਰਕ 11368 (ਯੂਐਸਏ) ਵਿਖੇ ਕਰਵਾਈ ਜਾ ਰਹੀ ਹੈ। ਇਕ ਪੱਤਰ ਅਪਣੇ ਦਸਤਖ਼ਤਾਂ ਹੇਠ ਜਾਰੀ ਕਰਦਿਆਂ ਭਾਈ ਹਵਾਰਾ ਨੇ ਸਾਰੀ ਸਿੱਖ ਕੌਮ ਨੂੰ ਇਥੇ ਵਹੀਰਾਂ ਘੱਤ ਕੇ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਕਨਵੈਨਸ਼ਨ ਕਰਵਾਉਣ ਦਾ ਮਹੱਤਵ ਸਾਰੀ ਸਿੱਖ ਕੌਮ ਨੂੰ ਖ਼ਾਲਸਾ ਰਾਜ, ਸਭਿਆਚਾਰਕ, ਆਰਥਕ, ਰਾਜਨੀਤਕ, ਧਾਰਮਕ ਅਤੇ ਰੂਹਾਨੀ ਵਿਸ਼ਿਆਂ 'ਤੇ ਸੇਧ ਦੇਣ ਦਾ ਅਦਾਨ ਪ੍ਰਦਾਨ ਕਰਨਾ ਹੈ, ਨਾਲ ਹੀ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ,
ਬੁੱਧੀਜੀਵੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਲਾਵੇ ਵਿਚ ਲੈ ਕੇ ਦੁਨੀਆਂ ਭਰ ਵਿਚ ਆਪਸੀ ਪਿਆਰ ਦਾ ਸੁਨੇਹਾ ਵੰਡਣਾ ਹੈ ਤੇ ਹਿੰਦੂਤਵਾ ਦੀ ਘੱਟ ਗਿਣਤੀਆਂ ਵਿਰੁਧ ਸੋਚ ਦਾ ਭਾਂਡਾ ਭੰਨਣਾ ਹੈ ਤਾਕਿ ਸਿੱਖ ਪੰਥ ਵਿਚ ਅਪਣੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ 'ਵਰਲਡ ਸਿੱਖ ਪਾਰਲੀਮੈਂਟ' ਬਣਾਉਣ ਦਾ ਐਲਾਨ ਬਰਮਿੰਘਮ ਯੂ ਕੇ ਵਿਚ ਅਗੱਸਤ 2017 ਵਿਚ ਹੋਇਆ ਸੀ ਜਿਸ ਬਾਰੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਈ ਹਵਾਰਾ ਨੇ ਕਿਹਾ ਕਿ ਇਸ ਨੂੰ ਦੁਨੀਆਂ ਭਰ ਵਿਚ ਬੈਠੇ ਪੰਥ ਨੇ ਭਰਵੀਂ ਹਮਾਇਤ ਵੀ ਦਿਤੀ ਹੈ। ਉਨ੍ਹਾਂ ਇਸ ਮੁੱਦੇ 'ਤੇ ਗੰਭੀਰਤਾ ਪ੍ਰਗਟਾਉਂਦਿਆਂ ਅਪੀਲ ਕੀਤੀ ਕਿ ਉਸ ਨੂੰ ਪੂਰੀ ਆਸ ਹੈ ਕਿ ਇਸ ਕਨਵੈਨਸ਼ਨ ਵਿਚ ਵਿਸ਼ਵ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀ ਸੰਗਤਾਂ ਪੁੱਜਣਗੀਆਂ ਜਿਵੇਂ ਕਿ ਵਰਲਡ ਸਿੱਖ ਪਾਰਲੀਮੈਂਟ ਨਾਲ ਹੁਣ ਤਕ ਵਿਸ਼ਵ ਭਰ ਤੋਂ ਨੁਮਾਇੰਦੇ ਜੁੜੇ ਹਨ ਜਿਸ ਕਰ ਕੇ ਅਗਲੇ ਸੁਨੇਹੇ ਦੇਣੇ ਲਾਜ਼ਮੀ ਬਣੇ ਹਨ। ਪ੍ਰਬੰਧਕਾਂ ਨੇ ਦਸਿਆ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਢਾਂਚੇ ਤਹਿਤ ਕੁਲ ਮੈਂਬਰ 300 ਹੋਣਗੇ, ਜਿਨ੍ਹਾਂ ਵਿਚੋਂ 150 ਵੱਖ-ਵੱਖ ਵਿਦੇਸ਼ੀ ਮੁਲਕਾਂ 'ਚੋਂ ਅਤੇ 150 ਪੰਜਾਬ ਅਤੇ ਭਾਰਤ ਵਿਚੋਂ ਲਏ ਜਾ ਰਹੇ ਹਨ।