ਤਰਨਤਾਰਨ, 13 ਨਵੰਬਰ (ਚਰਨਜੀਤ ਸਿੰਘ): ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲੰਵਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਇਕ ਪਰਵਾਰ ਵਲੋਂ ਅਕਾਲ ਤਖ਼ਤ ਸਮੇਤ ਸਿੱਖ ਤਖ਼ਤਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇੰਕਸ਼ਾਫ਼ ਕੀਤਾ ਹੈ ਕਿ ਸਕੱਤਰੇਤ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਮੀਟਿੰਗ ਸਿਰਫ਼ ਵਿਖਾਵਾ ਹੁੰਦੀ ਹੈ ਜਦਕਿ ਫ਼ੈਸਲੇ ਉਪਰੋਂ ਹੋ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਜਾਰੀ ਕੀਤੇ ਜਾਂਦੇ ਫ਼ੈਸਲੇ ਸਿਆਸੀ ਦਖ਼ਲਅੰਦਾਜ਼ੀ ਤੇ ਦਬਾਅ ਹੇਠ ਹੁੰਦੇ ਹਨ। ਅੱਜ ਗੁਰਮਤਿ ਚੇਤਨਾ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੀ ਸਿਆਸੀ ਦਖ਼ਲਅੰਦਾਜ਼ੀ ਵਿਚ ਭਾਈਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਿਸੇ ਦਬਾਅ ਹੇਠ ਨਹੀਂ ਆਏ ਜਿਸ ਕਾਰਨ ਉਨ੍ਹਾਂ ਨੂੰ ਲਾਂਭੇ ਕਰ ਦਿਤਾ ਗਿਆ। ਗਿ. ਨੰਦਗੜ੍ਹ ਨੇ ਕਿਹਾ ਕਿ ਗਿ. ਗੁਰਮੁਖ ਸਿੰਘ ਨੇ ਵੀ ਸੱਚ ਬੋਲਣ ਦੀ ਜੁਰੱਅਤ ਕੀਤੀ ਸੀ,
ਉਸ ਨੂੰ ਵੀ ਘਰ ਦਾ ਰਾਹ ਵਿਖਾਉਣ ਵਿਚ ਇਕ ਮਿੰਟ ਦੀ ਦੇਰੀ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਲਾਲਚ ਦਿਤੇ ਗਏ ਤੇ ਧਮਕੀਆਂ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਗੁਰੂ ਆਸਰੇ ਅੜੇ ਰਹੇ। ਉਨ੍ਹਾਂ ਕਿਹਾ ਕਿ ਤਕੜੀ ਅਕਾਲੀ ਦਲ ਬਾਦਲ ਦਾ ਨਹੀਂ ਪੰਥ ਦਾ ਚੋਣ ਨਿਸ਼ਾਨ ਹੈ ਤੇ ਇਸ ਨੂੰ ਬਾਦਲ ਦਲ ਤੋਂ ਆਜ਼ਾਦ ਕਰਵਾਉਣ ਦੀ ਲੋੜ ਹੈ।ਗੁਰਮਤਿ ਚੇਤਨਾ ਮਾਰਚ ਦੇ ਮਨੋਰਥ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਸਿੱਖ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਉਹ ਇਸ ਵਡੇ ਪਰਵਾਰ ਤੋਂ ਖਹਿੜਾ ਛੁਡਵਾਉਣ ਲਈ ਹੰਭਲਾ ਮਾਰਨ। ਇਸ ਤੋ ਪਹਿਲਾਂ ਗਿ. ਨੰਦਗੜ੍ਹ ਅਤੇ ਅਕਾਲ ਤਖ਼ਤ ਤੋਂ ਜਥੇਦਾਰਾਂ ਨੂੰ ਤਲਬ ਕਰਨ ਵਾਲੇ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿਚ ਇਕ ਗੁਰਮਤਿ ਚੇਤਨਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗੁਰਦਵਾਰਾ ਟਾਹਲਾ ਸਹਾਹਿਬ ਤਕ ਪੁੱਜਾ ਜਿਸ ਵਿਚ ਅਖੰਡ ਅਕਾਲੀ ਦਲ ਦੇ ਸੈਕੜੇ ਵਰਕਰ ਸ਼ਾਮਲ ਸਨ।