ਜ਼ਮੀਰ ਦੀ ਆਵਾਜ਼ ਸੁਣ ਕੇ ਕਰੋ ਕੌਮ ਦੇ ਆਗੂ ਦੀ ਚੋਣ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 27 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ 29 ਨਵੰਬਰ ਨੂੰ ਹੋ ਰਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਖੁੱਲ੍ਹਾ ਪੱਤਰ ਲਿਖਦਿਆਂ ਕਿਹਾ ਕਿ ਉਹ ਆਪਣੀ ਜਮੀਰ ਦੀ ਆਵਾਜ਼ ਮੁਤਾਬਕ ਸਿੱਖ ਕੌਮ ਦੇ ਆਗੂ ਚੁਣਨ। ਗਿ. ਕੇਵਲ ਸਿੰਘ ਨੇ ਕਿਹਾ ਕਿ ਬੜੀਆਂ ਕੁਰਬਾਨੀਆਂ ਨਾਲ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਹੈ ਪਰ ਅੱਜ ਇਸ ਦਾ ਕੋਈ ਵਜੂਦ ਨਹੀਂ ਹੈ। ਗਿ. ਕੇਵਲ ਸਿੰਘ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਪੜ੍ਹਿਆ ਹੋਵੇਗਾ। ਜੇ ਨਹੀਂ ਪੜ੍ਹਿਆ ਤਾਂ ਅਪਣੇ ਆਪ 'ਤੇ ਤਰਸ ਖਾਂਦਿਆਂ ਇਕ ਵਾਰ ਇਹ ਇਤਿਹਾਸ ਜ਼ਰੂਰ-ਜ਼ਰੂਰ ਪੜ੍ਹ ਲਉ। ਅੱਜ ਤੁਹਾਡੇ ਵਿਚੋਂ ਬਹੁਤੇ ਮੈਂਬਰ ਉਹ ਹੋਣਗੇ ਜਿਹੜੇ ਇਹ ਵੀ ਜਾਣਕਾਰੀ ਨਹੀਂ ਰਖਦੇ ਹੋਣਗੇ ਕਿ ਕਿਨ੍ਹਾਂ ਹਾਲਾਤ ਵਿਚ ਉਸ ਵਕਤ ਦੇ ਕੌਮ-ਪ੍ਰਸਤਾਂ ਨੇ ਗੁਰਦਵਾਰੇ ਦੇ ਪ੍ਰਬੰਧ ਸੁਧਾਰ ਲਈ ਬੀੜਾ ਚੁੱਕਿਆ? ਇਹ ਵੀ ਜਾਣਕਾਰੀ ਸ਼ਾਇਦ ਹੀ ਥੋੜਿਆਂ ਪਾਸ ਹੋਵੇ ਕਿ 1925 ਵਾਲਾ ਗੁਰਦੁਆਰਾ ਐਕਟ ਜਬਰਦਸਤੀ ਉਸ ਸਮੇਂ ਦੀ ਹਕੂਮਤ ਨੇ ਠੋਸਿਆ ਸੀ?  ਸੌ ਵਰ੍ਹਾ ਪੂਰਾ ਹੋਣ ਵਾਲਾ ਹੈ ਇਸ ਸੰਸਥਾ ਦੀ ਹੋਂਦ ਉਜਾਗਰ ਹੋਇਆਂ। ਜਿਹੜੀ ਸੋਚ ਤੇ ਸੁਪਨਾ ਲੈ ਕੇ ਗੁਰਦੁਆਰਾ ਪ੍ਰਬੰਧ ਦਾ ਸੰਘਰਸ਼ ਲੜਿਆ ਤੇ ਜਿਤਿਆ ਗਿਆ ਸੀ, ਕੀ ਅੱਜ ਉਹ ਸੋਚ ਤੇ ਸਿਧਾਂਤ ਪ੍ਰਤੀ ਆਪ ਜੀ ਜਾਗਰੂਕ ਹੋ? ਅੱੱਜ ਜਿਸ ਤਰ੍ਹਾਂ ਦਾ ਸਿਆਸੀ ਗਲਬਾ ਬਹੁਤ ਸਾਰੇ ਮੈਂਬਰਾਂ ਦੇ ਸਿਰ ਉੱਪਰ ਭਾਰੂ ਹੈ। ਕੀ ਇਸ ਭਾਰ ਹੇਠ ਸ਼ੋਮਣੀ ਕਮੇਟੀ ਪੰਥਕ ਇਕਸੁਰਤਾ ਤੇ ਪੰਥਕ ਇਕਸਾਰਤਾ ਦੇ ਕੌਮੀ ਫ਼ਰਜ਼ ਦੀ ਪੂਰਤੀ ਕਰ ਸਕਦੀ ਹੈ? ਆਪ ਨੂੰ ਸ਼ਾਇਦ ਪਤਾ ਹੋਵੇਗਾ ਕਿ ਜਿਹੜਾ ਰਾਜਸੀ ਧੜ੍ਹਿਆਂ ਦੀ ਦਲ-ਦਲ ਵਿਚ ਤੁਸੀਂ ਬੁਰੀ ਤਰ੍ਹਾਂ ਫਸੇ ਹੋਏ ਹ,ੋ ਉਸ ਸਮੇਂ ਕੌਮ ਦਾ ਸਿਆਸੀ ਕੋਈ ਜਥੇਬੰਦਕ ਸਰੂਪ ਹੀ ਨਹੀਂ ਸੀ। ਸਿਆਸੀ ਦਲ ਜਿਸ ਨੂੰ ਅੱਜ ਬਹੁਤ ਮੰਨਦੇ ਹੋ ਇਹ ਸ਼੍ਰੋਮਣੀ ਕਮੇਟੀ ਦੀ ਹੋਂਦ ਤੋਂ ਬਾਅਦ ਵਿਚ ਜਥੇਬੰਦ ਹੋਇਆ ਸੀ। ਇਸ ਦੀ ਮੁੱਖ ਜ਼ਿੰਮੇਵਾਰੀ ਸੀ ਕਿ ਇਹ ਸ਼੍ਰੋਮਣੀ ਕਮੇਟੀ ਵਲੋਂ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਦੀ ਭੂਮਿਕਾ ਨਿਭਾਏਗਾ।  ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਸਿਆਸੀ ਦਲ ਨੇ ਸ਼੍ਰੋਮਣੀ ਕਮੇਟੀ ਤਾਬਿਆ ਵਿਚ ਰਹਿ ਕੇ ਇਸ ਦੇ ਨਿਰਣਿਆਂ ਨੂੰ ਪ੍ਰਚਾਰਨ ਤੇ ਅਮਲ ਕਰਵਾਉਣ ਦੀ ਸੇਵਕੀ ਕਰਨੀ ਸੀ ਉਹ ਵਕਤ ਦੇ ਦੌਰ ਨਾਲ ਇਸ ਸੰਸਥਾ ਦਾ ਮਾਲਕ ਬਣ ਬੈਠਾ ਹੈ। ਇਕ ਮਹੱਤਵਪੂਰਨ ਗੱਲ ਜਿਹੜੀ ਆਪ ਦੀ ਯਾਦ ਸ਼ਕਤੀ ਵਿਚ ਹੋਣੀ ਬੜੀ ਜ਼ਰੂਰੀ ਹੈ ਕਿ ਸ਼੍ਰੋ:ਗੁ:ਪ੍ਰ:ਕਮੇਟੀ ਦੀ ਹੋਂਦ ਲਈ ਲੜੀ ਗਈ ਲੜਾਈ ਵਿਚ ਕਿਸੇ ਅਖੌਤੀ ਡੇਰੇਦਾਰ, ਸੰਪਰਦਾ, ਨਿਹੰਗ ਜਥੇਬੰਦੀ ਆਦਿ ਦੀ ਕਿਸੇ ਪ੍ਰਕਾਰ ਦੀ ਕੋਈ ਹਿੱਸੇਦਾਰੀ ਨਹੀਂ ਸੀ। ਸਾਰੀ ਲੜਾਈ 1873 ਵਿਚ ਸਿੱਖ ਕੌਮ ਦੀ ਵਿਲੱਖਣ ਹੋਂਦ ਸਿਧਾਂਤ ਤੇ ਮਰਯਾਦਾ ਦੇ ਵਾਰਸ ਸਿੱਖਾਂ ਵੱਲੋਂ ਸਿੰਘ ਸਭਾ ਲਹਿਰ ਦੀ ਸਥਾਪਨਾ ਕਰਕੇ ਸਮੇਂ ਦੀ ਹਕੂਮਤ, ਆਰੀਆ ਸਮਾਜ, ਮੁਸਲਮਾਨ ਜਥੇਬੰਦੀ ਤੇ ਇਸਾਈਅਤ ਦੇ ਜਥੇਬੰਦਕ ਢਾਚਿਆਂ ਨੂੰ ਵੰਗਾਰਦਿਆਂ ਲੜੀ ਸੀ। ਇਨ੍ਹਾਂ ਹੀ ਮਹਾਨ ਗੁਰੂ ਦੇ ਸਚਿਆਰ ਤੇ ਪਹਿਰੇਦਾਰ ਸਿੱਖਾਂ, ਵਿਦਿਅਕ ਲਹਿਰ ਖੜੀ ਕੀਤੀ ਅਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵੀ ਇਨ੍ਹਾਂ ਹੀ ਚਲਾਈ ਤੇ ਜਿੱਤੀ। ਅੱਜ ਸ਼੍ਰੋ:ਗੁ:ਪ੍ਰ:ਕਮੇਟੀ ਆਪਣੀ ਕੌਮੀ ਸੰਸਥਾ ਵਾਲੀ ਹੋਂਦ ਗਵਾ ਬੈਠੀ ਹੈ। ਅੱਜ ਇਸ ਦਾ ਪ੍ਰਬੰਧ ਅਤੇ ਕਾਰਗੁਜ਼ਾਰੀ ਪੰਥਕ ਸੋਚ ਸਿਧਾਂਤ ਤੇ ਮਰਯਾਦਾ ਦੀ ਕਸੌਟੀ ਤੇ ਖਰੀ ਨਹੀਂ ਉੱਤਰ ਰਹੀ। ਇਹ ਇਕ ਸਿਆਸੀ ਧੜੇ ਦੇ ਕੁਝ ਇਕ ਆਗੂਆਂ ਦੀ ਗੁਲਾਮ ਜਾਂ ਮੁਥਾਜ ਹੋ ਕੇ ਰਹਿ ਗਈ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿਸੇ ਦੀ ਖਰੀਦ ਸੰਸਥਾ ਹੋਵੈ। ਨਿਰੋਲ ਰਾਜਸੀ ਸੋਚ ਨਾਲ ਜੁੜੇ ਵਧੇਰੇ ਸੱਜਣ ਇਸ ਦੇ ਮੈਬਰ ਬਣਨ ਦੀ ਦੌੜ ਵਿਚ ਇਕ ਦੂਜੇ ਨਾਲ ਧੱਕਾ ਮੁੱਕੀ ਕਰਦਿਆਂ ਵੇਖੇ ਜਾਂਦੇ ਹਨ।
ਗੁਰਦੁਆਰਾ ਪ੍ਰਬੰਧ ਲਈ ਤੇ ਸਿੱਖ ਜਥੇਬੰਦੀ ਦੀ ਮਜ਼ਬੂਤੀ ਲਈ ਜੋ ਕੰਮ ਸ਼੍ਰੋ:ਗੁ:ਪ੍ਰ:ਕਮੇਟੀ ਨੇ ਆਪਣੀ ਹੋਂਦ ਸਥਾਪਨਾ ਦੇ ਵਰ੍ਹਿਆਂ ਦੌਰਾਨ ਕੀਤਾ ਸੁਨਹਿਰੀ ਅੱਖਰਾਂ ਵਿਚ ਲਿਖਣ ਵਾਲਾ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ, ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਦੀ ਤਿਆਰੀ ਅਮਲ ਤੇ ਪ੍ਰਚਾਰ, ਗੁਰਮਿਤ ਪ੍ਰਚਾਰ ਲਈ ਪੰਜਾਬ ਅਤੇ ਪੰਜਾਬੋਂ ਬਾਹਰ ਸਿੱਖ ਮਿਸ਼ਨਾਂ ਦਾ ਗਠਨ ਸਭ ਮਾਣ ਕਰਨ ਯੋਗ ਕਦਮ ਸਨ। ਅੱਜ ਡੇਰੇਦਾਰ ਕਿਵੇਂ ਇਸ ਦੇ ਪ੍ਰਬੰਧ ਅੰਦਰ ਵੜਨ ਲਈ ਤਰਲੋ ਮੱਛੀ ਹੋ ਰਹੇ ਹਨ। ਅੱਜ ਦੇ ਰਾਜਸੀ ਆਕਿਆਂ ਨੇ ਅਖੌਤੀ ਸੰਤ ਸਮਾਜ ਨਾਲ ਸਮਝੌਤਾ ਕਰਕੇ ਸ੍ਰੋ:ਗੁ:ਪ੍ਰ:ਕਮੇਟੀ ਦੀ ਅਜਮਤ (ਵਡਿਆਈ) ਨੂੰ ਖਤਮ ਕਰਨ ਦਾ ਰਾਹ ਅਖਿਤਿਆਰ ਕੀਤਾ ਹੈ। 'ਸਿੱਖ ਰਹਿਤ ਮਰਯਾਦਾ' ਨੂੰ ਇਹ ਡੇਰੇਦਾਰ ਮੰਨਦੇ ਹੀ ਨਹੀਂ। ਆਪਣੀ ਆਪਣੀ ਮਰਯਾਦਾ ਦਾ ਵੱਖਰਾ ਵੱਖਰਾ ਰਾਗ ਅਲਾਪਦੇ ਹਨ। ਵਰਤਮਾਨ ਗੁ:ਪ੍ਰਬੰਧ ਵਿਚ ਮਨਮੱਤ ਦਾ ਬੋਲ ਵਧਦਾ ਹੀ ਤੁਰਿਆ ਜਾ ਰਿਹਾ ਹੈ। ਬਾਬਾ ਜਰਨੈਲ ਸਿੰਘ ਤੱਕ ਕਦੇ ਵੀ ਜੱਥਾ ਭਿੰਡਰਾਂ ਮਹਿਤਾਂ ਚੌਕ ਨੇ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਬੰਧ ਅਤੇ ਮਰਯਾਦਾ ਦੇ ਮੁੱਦੇ ਤੇ 'ਜੱਥੇ ਦੀ ਮਰਯਾਦਾ' ਨੂੰ ਪੰਥ ਦੀ ਮਰਯਾਦਾ ਦੇ ਤੌਰ ਤੇ ਲਾਗੂ ਕਰਨ ਦੀ ਗੱਲ ਨਹੀਂ ਕੀਤੀ ਸੀ। ਹਮੇਸ਼ਾਂ ਆਪਣੀ ਮਰਯਾਦਾ ਨੂੰ ਉਹ ਜਥੇ ਦੀ ਮਰਯਾਦਾ ਦਾ ਕਹਿੰਦੇ ਸਨ ਤੇ ਸ੍ਰੋ:ਗੁ:ਪ੍ਰ:ਕਮੇਟੀ ਵੱਲੋਂ ਤਿਆਰ ਤੇ ਲਾਗੂ ਕੀਤੀ ਸਿੱਖ ਰਹਿਤ ਮਰਯਾਦਾ ਨੂੰ ਪੰਥ  ਦੀ ਮਰਯਾਦਾ ਆਖਦੇ ਤੇ ਮੰਨਦੇ ਸਨ। ਅੱਜ ਉਹ ਤੁਹਾਡੇ ਰਾਹੀਂ 'ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ' ਖਤਮ ਕਰਨਾ ਚਾਹੁੰਦੇ ਹਨ।