ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਪੰਥਕ, ਪੰਥਕ/ਗੁਰਬਾਣੀ

ਅਜਨਾਲਾ/ਅੰਮ੍ਰਿਤਸਰ, 9 ਅਗੱਸਤ (ਸੁਖਦੇਵ ਸਿੰਘ ਤੇੜਾ/ਸੁਖਵਿੰਦਰਜੀਤ ਸਿੰਘ ਬਹੋੜੂ): ਤਹਿਸੀਲ ਅਜਨਾਲਾ ਦੇ ਪਿੰਡ ਮੱਦੂਛਾਂਗਾ ਦੇ ਗੁਰਦਵਾਰੇ ਮਨਸਾ ਪੂਰਨ ਸਾਹਿਬ ਵਿਖੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਅਜਨਾਲਾ/ਅੰਮ੍ਰਿਤਸਰ, 9 ਅਗੱਸਤ (ਸੁਖਦੇਵ ਸਿੰਘ ਤੇੜਾ/ਸੁਖਵਿੰਦਰਜੀਤ ਸਿੰਘ ਬਹੋੜੂ): ਤਹਿਸੀਲ ਅਜਨਾਲਾ ਦੇ ਪਿੰਡ ਮੱਦੂਛਾਂਗਾ ਦੇ ਗੁਰਦਵਾਰੇ ਮਨਸਾ ਪੂਰਨ ਸਾਹਿਬ ਵਿਖੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਗੁਰਦਵਾਰੇ ਦੇ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦਸਿਆ ਕਿ ਜਦ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਗੁਰਦਵਾਰੇ ਵਿਚ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਾ ਤਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਅੰਗ ਤੋਂ ਲੈ ਕੇ 741 ਅੰਗ ਤੱਕ 13 ਪੱਤਰੇ ਪਾਟੇ ਹੋਏ ਵੇਖੇ। ਬਾਅਦ ਵਿਚ ਉਸ ਨੇ ਪਿੰਡਵਾਸੀਆਂ ਨੂੰ ਇਸ ਬਾਰੇ ਦਸਿਆ ਅਤੇ ਪੁਲਿਸ ਨੂੰ ਸੂਚਨਾ ਦਿਤੀ।
ਪੁਲਿਸ ਨੇ ਇਸ ਮਾਮਲੇ ਵਿਚ ਰਣਜੀਤ ਮਸੀਹ ਨਾਂਅ ਦੇ ਈਸਾਈ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਤਲਵੰਡੀ ਭੰਗਵਾਂ ਨੇੜੇ ਰਮਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੇ ਜਾਣ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਲਈ ਗੁਰਦਵਾਰਾ ਕਮੇਟੀਆਂ ਅਤੇ ਗ੍ਰੰਥੀ ਸਿੰਘ ਵੀ ਜ਼ਿੰਮੇਵਾਰ ਹਨ। ਇਸ ਮਾਮਲੇ ਦੀ ਜਾਂਚ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇਕ ਕਮੇਟੀ ਗਠਤ ਕੀਤੀ ਹੈ। ਜਥੇਦਾਰ ਨੇ ਈਸਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਯੋਗ ਦੇਣ ਜਿਸ ਨਾਲ ਦੋਸ਼ੀ ਨੂੰ ਸਖ਼ਤ ਸਜ਼ਾ ਦਿਤੀ ਜਾ ਸਕੇ। ਇਸ ਘਟਨਾਂ ਸਬੰਧੀ ਈਸਾਈ ਮੱਤ ਦੇ ਪੋਪ ਨਾਲ ਵੀ ਚਿੱਠੀ ਪੱਤਰ ਕੀਤਾ ਜਾਵੇਗਾ ਕਿ ਸਿੱਖ ਅਤੇ ਈਸਾਈ ਘੱਟ ਗਿਣਤੀ ਵਿਚ ਹਨ ਜਿਸ ਕਰ ਕੇ ਆਪਸ ਵਿਚ ਝਗੜਾ ਨਾ ਵਧੇ।  ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਰੀਕਾਰਡ ਹੋਣ ਕਾਰਨ ਰਣਜੀਤ ਮਸੀਹ ਨਾਮੀ ਦੋਸ਼ੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ।