ਸ਼੍ਰੋਮਣੀ ਕਮੇਟੀ 'ਚ ਵਧ ਰਿਹੈ ਦਮਦਮੀ ਟਕਸਾਲ ਦਾ ਪ੍ਰਭਾਵ

ਪੰਥਕ, ਪੰਥਕ/ਗੁਰਬਾਣੀ

ਬਰਨਾਲਾ, 2 ਅਗੱਸਤ (ਜਗਸੀਰ ਸਿੰਘ ਸੰਧੂ): ਜਿਥੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਿਚ ਦਮਦਮੀ ਟਕਸਾਲ ਦੇ ਇਕ ਧੜੇ ਦਾ ਲਗਾਤਾਰ ਦਬਦਬਾ ਵਧਦਾ ਜਾ ਰਿਹਾ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਸ਼੍ਰੋਮਣੀ ਕਮੇਟੀ 'ਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ।

ਬਰਨਾਲਾ, 2 ਅਗੱਸਤ (ਜਗਸੀਰ ਸਿੰਘ ਸੰਧੂ): ਜਿਥੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਿਚ ਦਮਦਮੀ ਟਕਸਾਲ ਦੇ ਇਕ ਧੜੇ ਦਾ ਲਗਾਤਾਰ ਦਬਦਬਾ ਵਧਦਾ ਜਾ ਰਿਹਾ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਸ਼੍ਰੋਮਣੀ ਕਮੇਟੀ 'ਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਬੀਤੇ ਦਿਨੀਂ ਦਰਬਾਰ ਸਾਹਿਬ ਵਿਚ ਅਖੰਡ ਪਾਠ ਦੇ ਗ੍ਰੰਥੀਆਂ ਵਲੋਂ ਕੀਤੀ ਗਈ ਹੜਤਾਲ ਦੇ ਸੂਤਰਧਾਰ ਵੀ ਦਮਦਮੀ ਟਕਸਾਲ ਦੇ ਖਾਤੇ ਵਿਚੋਂ ਬਣਿਆ ਇਕ ਸ਼੍ਰੋਮਣੀ ਕਮੇਟੀ ਮੈਂਬਰ ਹੀ ਹੈ। ਦਮਦਮੀ ਟਕਸਾਲ ਨਾਲ ਸਬੰਧਤ ਅਕਾਲ ਤਖ਼ਤ ਦੇ ਇਕ ਸਾਬਕਾ ਜਥੇਦਾਰ ਸਾਹਿਬ ਦਾ ਗੰਨਮੈਨ ਰਿਹਾ ਉਕਤ ਸ਼੍ਰੋਮਣੀ ਕਮੇਟੀ ਮੈਂਬਰ ਹੀ ਇਸ ਹੜਤਾਲ ਤੋਂ ਪਹਿਲਾਂ ਅਖੰਡ ਪਾਠੀਆਂ ਵਲੋਂ ਬਣਾਈ ਗਈ ਯੂਨੀਅਨ ਬਣਾਉਣ ਦਾ ਮੋਢੀ ਰਿਹਾ ਹੈ।
ਖ਼ਬਰਾਂ ਇਹ ਵੀ ਹਨ ਕਿ ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਟਕਸਾਲ ਦੇ ਇਸ ਧੜੇ ਨਾਲ ਸਬੰਧਤ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਾਹਿਬ ਅਪਣੇ ਸਾਥੀਆਂ ਸਮੇਤ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਦਖ਼ਲਅੰਦਾਜ਼ੀ ਲਗਾਤਾਰ ਵਧ ਰਹੀ ਹੈ। ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਰਘਬੀਰ ਸਿੰਘ ਨੂੰ ਗਿਆਨੀ ਮੱਲ ਸਿੰਘ ਦੀ ਥਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਾਉਣ ਦੀ ਤਿਆਰੀ ਕਰ ਲਈ ਗਈ ਸੀ ਪਰ ਦਮਦਮੀ ਟਕਸਾਲ ਦੇ ਮੁਖੀ ਨੇ ਦਖ਼ਲਅੰਦਾਜ਼ੀ ਕਰ ਕੇ ਇਹ ਨਿਯੁਕਤੀ ਰੋਕ ਦਿਤੀ ਹੈ ਕਿਉਂਕਿ ਉਹ ਟਕਸਾਲ ਨਾਲ ਸਬੰਧਤ ਕਿਸੇ ਹੋਰ ਸਿੰਘ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਵਾਉਣਾ ਚਾਹੁੰਦੇ ਹਨ। ਦੂਜੇ ਪਾਸੇ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਕਰਨ ਵਾਲਿਆਂ ਅਤੇ ਅਖੰਡ ਪਾਠੀਆਂ ਵਿਚ ਵੀ ਟਕਸਾਲ ਨਾਲ ਸਬੰਧਤ ਬੰਦਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਤੋਂ ਬਾਅਦ ਦਮਦਮੀ ਟਕਸਾਲ ਵਾਲੇ ਹੁਣ ਰਹਿਤ ਮਰਿਆਦਾ ਨੂੰ ਵੀ ਬਦਲਣ ਦੀ ਤਾਕ ਵਿਚ ਹਨ।  
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਬਦਲਾਉਣ ਪਿੱਛੇ ਵੀ ਟਕਸਾਲ ਦਾ ਹੀ ਹੱਥ ਦਸਿਆ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਮੇਂ ਟਕਸਾਲ ਦੇ ਇਸ ਧੜੇ ਦੇ ਪ੍ਰਭਾਵ ਹੇਠ ਹੈ। ਟਕਸਾਲ ਦਾ ਸ਼੍ਰੋਮਣੀ ਕਮੇਟੀ ਵਿਚ ਵਧ ਰਿਹਾ ਪ੍ਰਭਾਵ ਆਉਣ ਵਾਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਸ਼ੁਭ ਨਹੀਂ ਹੈ ਕਿਉਂਕਿ ਟਕਸਾਲ ਵਾਲੇ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਟਿਕਟਾਂ ਦੀ ਮੰਗ ਕਰ ਸਕਦੇ ਹਨ।