Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (01 ਜੁਲਾਈ 2025)

ਏਜੰਸੀ

ਪੰਥਕ, ਹੁਕਮਨਾਮਾ

Ajj da Hukamnama Sri Darbar Sahib: ਸਲੋਕ ਮਃ ੩ ॥

Ajj da Hukamnama Sri Darbar Sahib: ਸਲੋਕ ਮਃ ੩ ॥

Ajj da Hukamnama Sri Darbar Sahib: ਸਲੋਕ ਮਃ ੩ ॥

ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥

ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥

ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ ਮਃ ੩ ॥

ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥

ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥

ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥

ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥

ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥

ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥

ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥

ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਪਉੜੀ ॥

ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥

ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥

ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥

ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥

ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

ਅਰਥ:- ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ; ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ; (ਕਿਉਂਕਿ) ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ਤਦ ਤਕ (ਨਾਮ ਨਹੀਂ ਮਿਲਦਾ, ਤੇ) ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ (ਇਹ ਡਰ ਤੇ ਸਹਿਮ ਹੀ ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ)।1। ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ; ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ, ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ (ਗੁਰੂ ਦੀ ਸ਼ਰਨ ਪੈ ਕੇ ਆਪਾ-ਭਾਵ ਮਿਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ)। ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ; (ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ। ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ, ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, ‘ਨਾਮ’ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ। ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ; ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ)।6।