Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (1 ਨਵੰਬਰ 2023)
Ajj da Hukamnama Sri Darbar Sahib Today: ਸਲੋਕ ਮ: ੩ ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
Ajj da Hukamnama Sri Darbar Sahib Today: ਸਲੋਕ ਮ: ੩ ॥ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥ ਮ: ੩ ॥
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥ ਪਉੜੀ ॥
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥
ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ, (ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ। ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ, ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ।੧। ਹੇ ਨਾਨਕ! (ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ), (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ, ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ) ਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ। ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ।੨। ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ, ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ। ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ। ਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ। ਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ।੬।