ਭਾਰਤ ਬੰਦ ਦੌਰਾਨ ਗੁਰਦੁਆਰਿਆਂ ਨੇ ਖੋਲ੍ਹੇ ਅਪਣੇ ਦਰਵਾਜੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਦਰਸ਼ਨ ਦੌਰਾਨ ਰਸਤੇ ਵਿਚ ਫਸੇ ਰਾਹਗੀਰਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨਾਂ ਨੇ ਅਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ

LANGAR

ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤ ਭਾਈਚਾਰੇ ਵਲੋਂ ਪੂਰੇ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਰੋਸ ਪ੍ਰਦਰਸ਼ਨ ਦੇ ਚਲਦੇ ਦਲਿਤ ਸਮਾਜ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ | ਜਿਸ ਕਾਰਨ ਪੰਜਾਬ ਸੂਬੇ ਵਿਚ ਬੱਸ ਅਤੇ ਰੇਲ ਸੁਵਿਧਾ ਬਿਲਕੁਲ ਠੱਪ ਹੋ ਚੁੱਕੀ ਹੈ | ਪ੍ਰਦਰਸ਼ਨ ਦੌਰਾਨ ਰਸਤੇ ਵਿਚ ਫਸੇ ਰਾਹਗੀਰਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨਾਂ ਨੇ ਅਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਜਲੰਧਰ-ਕਪੂਰਥਲਾ ਰੋਡ 'ਤੇ ਪਿੰਡ ਖੋਜੇਵਾਲ ਹਾਈਵੇ 'ਤੇ ਭਾਰੀ ਜਾਮ ਲੱਗਾ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਰਸਤੇ ਵਿਚ ਹੀ ਫਸ ਗਏ। ਰਾਹਗੀਰਾਂ ਦੀ ਮਦਦ ਲਈ ਖੋਜੇਵਾਲ ਸਥਿਤ ਗੁਰਦੁਆਰਾ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਜਿੱਥੇ ਰਾਹਗੀਰਾਂ ਨੂੰ ਨਾ ਸਿਰਫ ਆਸਰਾ ਦਿੱਤਾ ਜਾ ਰਿਹਾ ਹੈ ਸਗੋਂ ਲੰਗਰ ਵੀ ਛਕਾਇਆ ਜਾ ਰਿਹਾ ਹੈ। ਇਸੇ ਸੂਬੇ ਭਰ ਵਿਚ ਜਾਮ 'ਚ ਫਸੇ ਲੋਕਾਂ ਵਲੋਂ ਗੁਰਦੁਆਰਾ ਸਾਹਿਬਾਨਾਂ ਵਿਚ ਸ਼ਰਨ ਲਈ ਜਾ ਰਹੀ ਹੈ।
ਦੱਸਣਯੋਗ ਹੈ ਦਲਿਤ ਸਮਾਜ ਵਲੋਂ ਕੀਤੇ ਜਾ ਰਹੇ ਇਸ ਰੋਸ ਪ੍ਰਦਰਸ਼ਨ ਦਾ ਅਸਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਅੱਗਜ਼ਨੀ ਵੀ ਕੀਤੀ ਹੈ | ਦਲਿਤਾਂ ਵੱਲੋਂ ਜਗ੍ਹਾ-ਜਗ੍ਹਾ 'ਤੇ ਭਾਰਤ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ |