ਅੱਜ ਦਾ ਹੁਕਮਨਾਮਾ (3 ਅਕਤੂਬਰ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਬਿਲਾਵਲੁ ਕੀ ਵਾਰ ਮਹਲਾ ੪

Sachkhand Sri Harmandir Sahib

ਬਿਲਾਵਲੁ ਕੀ ਵਾਰ ਮਹਲਾ ੪

ੴ ਸਤਿਗੁਰ ਪ੍ਰਸਾਦਿ ॥

ਸਲੋਕ ਮਃ ੪ ॥ ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥

ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥

ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥

ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥

ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥

ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ ਮਃ ੩ ॥

ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥

ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥

ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥

ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ ਪਉੜੀ ॥

ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥

ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥

ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥

ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥

ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥

ਸੋਮਵਾਰ, ੧੭ ਅੱਸੂ (ਸੰਮਤ ੫੫੪ ਨਾਨਕਸ਼ਾਹੀ) ੩ ਅਕਤੂਬਰ, ੨੦੨੨ (ਅੰਗ : ੮੪੯)

ਪੰਜਾਬੀ ਵਿਆਖਿਆ:-

ਬਿਲਾਵਲੁ ਕੀ ਵਾਰ ਮਹਲਾ ੪

ੴ ਸਤਿਗੁਰ ਪ੍ਰਸਾਦਿ ॥

ਸਲੋਕ ਮਃ ੪ ॥ ਹੇ ਭਾਈ! (ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਸ ਮਨੁੱਖ ਦੇ ਮੱਥੇ ਉਤੇ ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ, ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ । ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ । ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ । ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ । ਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ ।੧। ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ । ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤਿ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ । ਹੇ ਭਾਈ! (ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ । ਹੇ ਨਾਨਕ! (ਆਖ—) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ ।੨। ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ । (ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ! (ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ । ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ । ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।੧।