ਵਡਹੰਸੁ ਮਹਲਾ ੩ ॥
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥
ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥
ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥
ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥
ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
ਪਿਰੁ ਜਗ ਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥
ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥
ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥
ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥
ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥
ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥
ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥
ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥
ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥
ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥
ਐਤਵਾਰ, ੧੯ ਭਾਦੋਂ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੮੩)
ਪੰਜਾਬੀ ਵਿਆਖਿਆ :
ਵਡਹੰਸੁ ਮਹਲਾ ੩ ॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣ ਲੈਣੀ (ਉਹ ਇਹ ਹੈ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ । ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ, ਉਹ ਔਗੁਣਾਂ ਨਾਲ ਭਰੀ ਰਹਿੰਦੀ ਹੈ, ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ, ਤੇ, ਦੁਖੀ ਹੁੰਦੀ ਹੈ । ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ ।
ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਬਣਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ । ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ (ਇਸ ਵਾਸਤੇ) ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਬੇਨਤੀ) ਸੁਣ ਲੈਣੀ—ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰ ਕੇ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰੋ ।੧।ਹੇ ਭਾਈ! ਸਾਰਾ ਜਗਤ, ਤੇ, ਜਗਤ ਦਾ ਜਨਮ ਮਰਨ ਪਰਮਾਤਮਾ ਨੇ ਆਪ ਬਣਾਇਆ ਹੈ ।
Darbar Sahib
ਮਾਇਆ ਦਾ ਮੋਹ (ਪੈਦਾ ਕਰ ਕੇ ਇਸ ਮੋਹ ਵਿਚ ਜਗਤ ਨੂੰ ਪਰਮਾਤਮਾ ਨੇ) ਆਪ ਹੀ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ । (ਮਾਇਆ ਦੇ ਮੋਹ ਵਿਚ ਫਸ ਕੇ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ, (ਇਸ ਵਿਚ) ਵਿਕਾਰ ਵਧਦੇ ਰਹਿੰਦੇ ਹਨ । ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਬੈਠਦੀ ਹੈ । ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ । ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ, ਤੇ, ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ ।ਪਰ, ਹੇ ਭਾਈ! ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ?
(ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ । ਹੇ ਭਾਈ! ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ।੨।ਹੇ ਭਾਈ! ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ । ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ । ਹੋਰ ਹੋਰ ਪਿਆਰ ਦੇ ਕਾਰਨ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਇਸ ਮੋਹ ਵਿਚ ਇਸ ਦੀ) ਉਮਰ ਗੁਜ਼ਰਦੀ ਜਾਂਦੀ ਹੈ, ਤੇ, ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ।
(ਜਗਤ ਦਾ ਨਿਯਮ ਤਾਂ ਹੈ ਹੀ ਇਹ ਕਿ) ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ (ਇਹ ਅਟੱਲ ਨਿਯਮ ਭੁਲਾ ਕੇ ਜੀਵ ਨੂੰ ਕਿਸੇ ਦੇ ਮਰਨ ਤੇ) ਦੁੱਖ ਵਾਪਰਦਾ ਹੈ । ਜਗਤ (ਸਦਾ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ ।ਹੇ ਭਾਈ! ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ।੩।ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ । ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ ।
Darbar Sahib
ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਸਦਾ ਜੀਊਂਦਾ-ਜਾਗਦਾ ਪ੍ਰਭੂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਉਹ ਸਦਾ ਅੰਗ-ਸੰਗ ਦਿੱਸਦਾ ਹੈ । ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਪ੍ਰਭੂ ਨੂੰ ਦੂਰ ਵੱਸਦਾ ਸਮਝਦੀ ਹੈ । ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਰੁਲਦਾ ਹੈ, ਤੇ, ਕਿਸੇ ਕੰਮ ਨਹੀਂ ਆਉਂਦਾ । ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਗੁਰੂ ਦੀ ਕਿਰਪਾ ਨਾਲ) ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਉਹ (ਗੁਰੂ ਦੀ) ਮਿਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ ।ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖ ਪਾਂਦੀਆਂ ਹਨ । ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ ।੪।੨।