ਸਲੋਕ ਮਃ ੧ ॥
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥
ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥
ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥
ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥
ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥ ਮਹਲਾ ੧ ॥
ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥
ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥ ੨॥ ਪਉੜੀ ॥
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
ਸੋਮਵਾਰ, ੧੯ ਅੱਸੂ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੭੮੮)
ਪੰਜਾਬੀ ਵਿਆਖਿਆ :
ਸਲੋਕ ਮਃ ੧ ॥
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ । ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ—(ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)। ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ) ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ। ਹੇ ਨਾਨਕ! (ਆਖ—) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ।੧।
ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ, ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ।੨। (ਹੇ ਜੀਵ!) ਤਨ ਮਨ ਸਰੀਰ (ਆਪਣਾ ਆਪ) ਪ੍ਰਭੂ ਦੇ ਹਵਾਲੇ ਕਰ ਕੇ (ਭਾਵ, ਪ੍ਰਭੂ ਦੀ ਪੂਰਨ ਰਜ਼ਾ ਵਿਚ ਰਹਿ ਕੇ) ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ; (ਜਿਸ ਮਨੁੱਖ ਨੇ) ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ, ਉਸ ਨੂੰ) ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ; ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ । (ਸੋ) ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ।੧੦।