Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (05 ਜਨਵਰੀ 2025)
Ajj da Hukamnama Sri Darbar Sahib: ਬਿਲਾਵਲੁ ॥
Ajj da Hukamnama Sri Darbar Sahib: ਬਿਲਾਵਲੁ ॥
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥
ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥
ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥
ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥
ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥
ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥
ਅਰਥ:- (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।1। ਰਹਾਉ। ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ।1। (ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ; ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।2। ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ। ਹੇ ਕਬੀਰ! ਆਖ—ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ।3।11। ਸ਼ਬਦ ਦਾ ਭਾਵ:- ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਦੇਹ-ਅੱਧਿਆਸ ਹੈ, ਉਤਨਾ ਚਿਰ ਮਨ ਵਿਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ। ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਊੜੀ ਮੁੱਕ ਜਾਂਦੀ ਹੈ।