ਅੱਜ ਦਾ ਹੁਕਮਨਾਮਾ (5 ਅਕਤੂਬਰ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਧਨਾਸਰੀ ਮਹਲਾ ੪ ॥

Sachkhand Sri Harmandir Sahib

 

ਧਨਾਸਰੀ ਮਹਲਾ ੪ ॥

ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥

ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥

ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥

ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥

ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥

ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥

ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥

ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥

ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥