ਸੂਹੀ ਮਹਲਾ ੫ ॥
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
ਮਾਨੈ ਹੁਕਮੁ ਤਜੈ ਅਭਿਮਾਨੈ ॥
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥
ਸਖੀ ਸਹੇਲੀ ਕਉ ਸਮਝਾਵੈ ॥
ਸੋਈ ਕਮਾਵੈ ਜੋ ਪ੍ਰਭ ਭਾਵੈ ॥
ਸਾ ਸੋਹਾਗਣਿ ਅੰਕਿ ਸਮਾਵੈ ॥੨॥
ਗਰਬਿ ਗਹੇਲੀ ਮਹਲੁ ਨ ਪਾਵੈ ॥
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥
ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥
ਬਿਨਉ ਕਰੀ ਜੇ ਜਾਣਾ ਦੂਰਿ ॥
ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥
ਸ਼ਨਿਚਰਵਾਰ, ੨੧ ਮੱਘਰ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੩੭)
ਸੂਹੀ ਮਹਲਾ ੫ ॥
ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ । ਉਹ ਜੀਵ-ਇਸਤ੍ਰੀ ਪਭੂ-ਪਤੀ (ਦੇ ਪਿਆਰ-ਰੰਗ) ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ।੧। ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ (ਮੈਥੋਂ) ਸੁਣ ਲੈ । (ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ) ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਹ ।੧।ਰਹਾਉ। (ਇਕ ਸਤਸੰਗੀ) ਸਹੇਲੀ (ਦੂਜੇ ਸਤਸੰਗੀ) ਸਹੇਲੀ ਨੂੰ (ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ) ਸਮਝਾਂਦੀ ਹੈ (ਤੇ ਆਖਦੀ ਹੈ ਕਿ) ਜੇਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ,
ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ ।੨। (ਪਰ) ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ । ਜਦੋਂ (ਜ਼ਿੰਦਗੀ ਦੀ) ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ । ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ।੩। ਹੇ ਭਾਈ! (ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ) ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ । ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ । ਦਾਸ ਨਾਨਕ (ਤਾਂ ਉਸ ਨੂੰ ਆਪਣੇ) ਅੰਗ-ਸੰਗ (ਵੱਸਦਾ) ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੪।੩।