ਰਾਮਕਲੀ ਮਹਲਾ ੧ ॥
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
ਗੁਰ ਤਾਰਿ ਤਾਰਣਹਾਰਿਆ ॥
ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥
ਬੁੱਧਵਾਰ, ੨੪ ਚੇਤ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੭੮)
ਪੰਜਾਬੀ ਵਿਆਖਿਆ:
ਰਾਮਕਲੀ ਮਹਲਾ ੧ ॥
(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ । (ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ । ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ ।੧।(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ । ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ । ਮੈਂ ਤੈਥੋਂ ਸਦਕੇ ਜਾਂਦਾ ਹਾਂ ।੧।ਰਹਾਉ।ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ, ਉਹ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ, ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ ।੨।ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ । ਮੈਂ ਤੇਰਾ ਨਾਮ ਹੀ ਸਿਮਰਦਾ ਹਾਂ ।ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ।੩।੬।