Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਦਸੰਬਰ 2023)
Ajj da Hukamnama Sri Darbar Sahib: ਬਿਲਾਵਲੁ ਮਹਲਾ ੧ ॥
Ajj da Hukamnama Sri Darbar Sahib: ਬਿਲਾਵਲੁ ਮਹਲਾ ੧ ॥
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥
ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥
ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥
ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥
ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥
ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥
ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥
ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥
ਅਰਥ: ਹੇ ਸਹੇਲੀਏ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉ ਬਣਿਆ ਰਹਿੰਦਾ ਹੈ। ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ। ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ। ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ। ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ। ਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥ ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ)। ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥