ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਮੁਕੰਦ ਮੁਕੰਦ ਜਪਹੁ ਸੰਸਾਰ ॥
ਬਿਨੁ ਮੁਕੰਦ ਤਨੁ ਹੋਇ ਅਉਹਾਰ ॥
ਸੋਈ ਮੁਕੰਦੁ ਮੁਕਤਿ ਕਾ ਦਾਤਾ ॥
ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
ਜੀਵਤ ਮੁਕੰਦੇ ਮਰਤ ਮੁਕੰਦੇ ॥
ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥
ਜਪਿ ਮੁਕੰਦ ਮਸਤਕਿ ਨੀਸਾਨੰ ॥
ਸੇਵ ਮੁਕੰਦ ਕਰੈ ਬੈਰਾਗੀ ॥
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
ਏਕੁ ਮੁਕੰਦੁ ਕਰੈ ਉਪਕਾਰੁ ॥
ਹਮਰਾ ਕਹਾ ਕਰੈ ਸੰਸਾਰੁ ॥
ਮੇਟੀ ਜਾਤਿ ਹੂਏ ਦਰਬਾਰਿ ॥
ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
ਉਪਜਿਓ ਗਿਆਨੁ ਹੂਆ ਪਰਗਾਸ ॥
ਕਰਿ ਕਿਰਪਾ ਲੀਨੇ ਕੀਟ ਦਾਸ ॥
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
ਵੀਰਵਾਰ, ੨੩ ਹਾੜ (ਸੰਮਤ ੫੫੪ ਨਾਨਕਸ਼ਾਹੀ) ੭ ਜੁਲਾਈ, ੨੦੨੨ (ਅੰਗ: ੮੭੫)
Guru Granth Sahib Ji
ਪੰਜਾਬੀ ਵਿਆਖਿਆ :
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ, ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ । ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ, ਉਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ ।੧। ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ) ।੧।ਰਹਾਉ।
Guru Granth Sahib JI
ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ, ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ; ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ, ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ।੨। ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ, ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ । ਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ; ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ।੩।
Guru Granth Sahib Ji
(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ । ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ । ਹੇ ਰਵਿਦਾਸ! ਆਖ—ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ, ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ।੪।੧। ਸ਼ਬਦ ਦਾ ਭਾਵ :—ਪਰਮਾਤਮਾ ਦਾ ਸਿਮਰਨ ਕਰਿਆ ਕਰੋ । ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ, ਤਿ੍ਰਸ਼ਨਾ ਮੁਕਾ ਦੇਂਦਾ ਹੈ ।