ਅੱਜ ਦਾ ਹੁਕਮਨਾਮਾ (8 ਜੂਨ 2023)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਬਿਹਾਗੜਾ ਮਹਲਾ ੫ ॥

Sri Harmandir Sahib Sri Darbar Sahib

 

ਬਿਹਾਗੜਾ ਮਹਲਾ ੫ ॥

ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥

ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥ ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥

ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥

ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥ ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥

ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥ ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥

ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥ ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥

ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥ ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥

ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥

ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥ ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥

ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥ ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥

ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥ ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥ ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥

ਵੀਰਵਾਰ, ੨੫ ਜੇਠ (ਸੰਮਤ ੫੫੫ ਨਾਨਕਸ਼ਾਹੀ) ੮ ਜੂਨ, ੨੦੨੩ (ਅੰਗ: ੫੪੪)

 

ਪੰਜਾਬੀ ਵਿਆਖਿਆ :

ਬਿਹਾਗੜਾ ਮਹਲਾ ੫ ॥

ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ । ਹੇ ਮਨ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ । ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ । (ਜੇਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ) ਮਿੱਤਰ ਪ੍ਰਭੂ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ । ਉਸ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ । ਹੇ ਮਨ! ਸਾਧ ਸੰਗਤਿ ਵਿਚ ਮਿਲ, ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆ ਕਰ, ਸਾਧ ਸੰਗਤਿ ਵਿਚ ਹੀ ਤੇਰੀ ਹਰੇਕ ਆਸ ਪੂਰੀ ਹੋਵੇਗੀ ।ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਕਿਰਪਾ ਕਰ, ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ।੧।

ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ । ਸਾਧ ਸੰਗਤਿ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ । ਸੰਤ ਜਨ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ । ਉਹ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਮੁੜ ਪਰਮਾਤਮਾ ਨੂੰ) ਮਿਲ ਪੈਂਦੇ ਹਨ । ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ । ਨਾਨਕ ਬੇਨਤੀ ਕਰਦਾ ਹੈ—ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ।੨।

ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ । ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ । ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦੇ ਹਨ ।(ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦਾ ਹੈ) ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਆਪਣੇ ਅੰਦਰੋਂ) ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ, ਉਹ ਮਨੁੱਖ ਉਸ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੇਹੜਾ ਕਦੇ ਛੱਡ ਕੇ ਨਹੀਂ ਜਾਂਦਾ, ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤਿ ਪਿਆਰੀ ਲੱਗਣ ਲੱਗ ਪੈਂਦੀ ਹੈ । ਨਾਨਕ ਬੇਨਤੀ ਕਰਦਾ ਹੈ—(ਹੇ ਭਾਈ!) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ।੩।

(‘ਅੰਮ੍ਰਿਤ ਬਾਣੀ’ ਦੀ ਬਰਕਤਿ ਨਾਲ ਮਨੁੱਖ ਦਾ) ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ ਇਸ ਤਰ੍ਹਾਂ) ਮਸਤ ਹੋ ਜਾਂਦਾ ਹੈ ਕਿ (ਇਸ ਦੀ ਬਾਬਤ) ਕੁਝ ਦੱਸਿਆ ਨਹੀਂ ਜਾ ਸਕਦਾ, (ਬੱਸ! ਇਹ ਹੀ ਕਿਹਾ ਜਾ ਸਕਦਾ ਹੈ ਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸ ਨੇ (ਉਸ ਨੂੰ) ਆਪਣੇ ਵਿਚ ਮਿਲਾ ਲਿਆ । ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਮਿਲ ਕੇ (ਉਹ ਇਉਂ ਹੋ ਗਿਆ ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ । (ਫਿਰ ਉਸ ਮਨੁੱਖ ਨੂੰ) ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ । ਉਸ ਮਨੁੱਖ ਨੂੰ ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ (ਉਸ ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ । ਨਾਨਕ ਬੇਨਤੀ ਕਰਦਾ ਹੈ—ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ।੪।੨।੫।