Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (10 ਅਪ੍ਰੈਲ 2025)

ਏਜੰਸੀ

ਪੰਥਕ, ਹੁਕਮਨਾਮਾ

Ajj da Hukamnama Sri Darbar Sahib: ਬਿਹਾਗੜਾ ਮਹਲਾ ੪ ॥ 

Ajj da Hukamnama Sri Darbar Sahib: ਬਿਹਾਗੜਾ ਮਹਲਾ ੪ ॥ 

 

Ajj da Hukamnama Sri Darbar Sahib: ਬਿਹਾਗੜਾ ਮਹਲਾ ੪ ॥ 

ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭੁ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥

ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥

ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥

ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰ ਹਾਜਰੁ ਨਦਰੀ ਆਈਐ ਰਾਮ ॥੧॥

ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥

ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ ॥

ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ ॥

ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ ॥

ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ ॥

ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥

ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥

ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥

ਤਾ ਕਾ ਅੰਤੁ ਨ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ ॥

ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥

ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ ੧ ॥
 

ਵੀਰਵਾਰ, ੨੮ ਚੇਤ (ਸੰਮਤ ੫੫੭ ਨਾਨਕਸ਼ਾਹੀ) ੧੦ ਅਪ੍ਰੈਲ, ੨੦੨੫ (ਅੰਗ: ੫੪੧)

 

ਪੰਜਾਬੀ ਵਿਆਖਿਆ :
ਬਿਹਾਗੜਾ ਮਹਲਾ ੪ ॥

ਹੇ ਮੇਰੇ ਹਰੀ! ਹੇ ਮੇਰੇ ਪ੍ਰਭੂ (ਸ੍ਰਿਸ਼ਟੀ ਦੇ) ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ (ਸਭ ਜੀਵਾਂ ਵਿਚ) ਮੌਜੂਦ ਹੈਂ, ਜੋ ਕੁਝ (ਜੀਵਾਂ ਦੇ) ਜੀ ਵਿਚ ਚਿਤਾਰਿਆ ਜਾਂਦਾ ਹੈ ਤੂੰ (ਉਹ ਸਭ ਕੁਝ) ਜਾਣਦਾ ਹੈਂ । ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਸਾਡੇ ਅੰਦਰ ਬਾਹਰ (ਹਰ ਥਾਂ ਸਾਡੇ) ਨਾਲ ਹੈ, ਜੋ ਕੁਝ ਸਾਡੇ ਮਨ ਵਿਚ ਹੁੰਦਾ ਹੈ ਉਹ ਸਭ ਵੇਖਦਾ ਹੈ, (ਪਰ ਫਿਰ ਭੀ) ਮੁਕਰ ਜਾਈਦਾ ਹੈ । ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਵੱਸਦਾ ਜਾਪਦਾ ਹੈ, ਉਹਨਾਂ ਦੀ ਕੀਤੀ ਹੋਈ ਮੇਹਨਤ ਵਿਅਰਥ ਚਲੀ ਜਾਂਦੀ ਹੈ । ਹੇ ਦਾਸ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸਦਾ ਹੈ ।੧। ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ (ਅਸਲ) ਭਗਤ ਹਨ (ਅਸਲ) ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿਚ ਚੰਗੇ ਲੱਗਦੇ ਹਨ । ਹੇ ਮੇਰੀ ਸੋਹਣੀ ਜਿੰਦੇ! ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ । ਹੇ ਮੇਰੀ ਸੋਹਣੀ ਜਿੰਦੇ! ਉਹਨਾਂ ਦੀ ਸੰਗਤਿ ਵਿਚ ਰਿਹਾਂ (ਮਨ ਤੋਂ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਦਾ ਨਿਸ਼ਾਨ ਹੁੰਦਾ ਹੈ । ਹੇ ਮੇਰੀ ਸੋਹਣੀ ਜਿੰਦੇ! (ਆਖ—) ਹੇ ਪ੍ਰਭੂ! ਨਾਨਕ ਦੀ ਇਹ ਅਰਜ਼ੋਈ ਹੈ (ਕਿ ਨਾਨਕ ਗੁਰੂ ਦੀ ਸੰਗਤਿ ਵਿਚ ਟਿਕਿਆ ਰਹੇ) ਗੁਰੂ ਦੀ ਸੰਗਤ ਵਿਚ ਰਿਹਾਂ (ਮਾਇਆ ਦੀ ਤ੍ਰਿਸਨਾ ਵਲੋਂ) ਰੱਜੇ ਰਹੀਦਾ ਹੈ ।੨। ਹੇ ਮੇਰੀ ਸੋਹਣੀ ਜਿੰਦੇ! (ਆਖ—) ਹੇ ਮੇਰੀ ਜੀਭ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਜਪ ਜਪ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ । ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੇ ਮਨ ਵਿਚ ਆਪਣਾ ਨਾਮ ਵਸਾ ਦੇਂਦਾ ਹੈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦਾ ਨਾਮ-ਧਨ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ । ਹੇ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ।੩। ਹੇ ਮੇਰੀ ਸੋਹਣੀ ਜਿੰਦੇ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਸਿਰਜਣਹਾਰ ਕਰਤਾਰ ਸਭ ਘਟਾਂ ਵਿਚ ਵਿਆਪਕ ਹੈ । ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ, ਤਿਵੇਂ ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ । ਨੂੰ ਪਾਲਦੇ ਹਨ, ਤਿਵੇਂ ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ । ਹੇ ਦਾਸ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਹਜ਼ਾਰਾਂ ਚਤੁਰਾਈਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ, ਗੁਰੂ ਦੀ ਸਰਨ ਪਿਆਂ ਉਸ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ ॥੪॥੬॥ ਛਕਾ 1 |