Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (10 ਅਗਸਤ 2025)
Ajj da Hukamnama Sri Darbar Sahib: ੴ ਸਤਿਗੁਰ ਪ੍ਰਸਾਦਿ ॥
Ajj da Hukamnama Sri Darbar Sahib: ੴ ਸਤਿਗੁਰ ਪ੍ਰਸਾਦਿ ॥
ਆਸਾ ਮਹਲਾ ੧ ਛੰਤ ਘਰੁ ੩ ॥
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥
ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥
ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥
ਐਤਵਾਰ, ੨੬ ਸਾਵਣ (ਸੰਮਤ ੫੫੭ ਨਾਨਕਸ਼ਾਹੀ)
(ਅੰਗ: ੪੩੮)
ਪੰਜਾਬੀ ਵਿਆਖਿਆ
ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ? (ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ । ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ । (ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ । ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ । ਨਾਨਕ ਆਖਦਾ ਹੈ—ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ ।੧। ਹੇ (ਹਰੇਕ) ਫੁੱਲ ਉੱਤੇ ਉੱਡਣ ਵਾਲੇ ਭੌਰੇ (ਮਨ!) (ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿਚੋਂ) ਬੜਾ ਭਾਰੀ ਦੁੱਖ ਨਿਕਲਦਾ ਹੈ । ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ ਜੇਹੜਾ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ । (ਹੇ ਭੌਰੇ ਮਨ! ਤੇਰੀ ਇਹ ਹਾਲਤ) ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ-ਭੌਰਾ ਤਾਂ ਵੇਲਾਂ ਫੁੱਲਾਂ ਉਤੇ (ਦੁਨੀਆ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿਚ) ਮਸਤ ਹੋ ਰਿਹਾ ਹੈ (ਇਸ ਦਾ ਕੀਹ ਬਣੇਗਾ? ਮੈਨੂੰ ਗੁਰੂ ਨੇ ਮਤਿ ਦਿੱਤੀ ਹੈ ਕਿ) ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ (ਜਦੋਂ ਦਿਨ ਚੜ੍ਹ ਪੈਂਦਾ ਹੈ) ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ (ਵਿਕਾਰਾਂ ਵਿਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਹੈਂ ਜਿਵੇਂ) ਤੇਲ ਤਾਉੜੀ ਵਿਚ ਪਾ ਕੇ ਡਾਇਆ ਜਾਂਦਾ ਹੈ । ਹੇ (ਦੁਨੀਆ ਦੇ ਪਦਾਰਥਾਂ ਵਿਚ ਮਸਤ ਹੋਏ) ਭੂਤ! ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿਚ ਬੱਝਾ ਹੋਇਆ ਚੋਟਾਂ ਖਾਵੇਂਗਾ ।
ਨਾਨਕ ਆਖਦਾ ਹੈ—ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਭੌਰੇ (ਵਾਂਗ ਫੁੱਲਾਂ ਦੇ ਮਸਤ ਹੋਏ ਮਨ!) ਆਤਮਕ ਮੌਤ ਸਹੇੜ ਲਏਂਗਾ ।੨। ਹੇ ਮੇਰੇ ਪਰਦੇਸੀ ਜੀਵਾਤਮਾ! ਤੂੰ ਕਿਉਂ (ਮਾਇਆ ਦੇ) ਜੰਜਾਲ ਵਿਚ ਫਸ ਰਿਹਾ ਹੈਂ? ਜੇ ਸਦਾ-ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿਚ ਵੱਸਦਾ ਹੋਵੇ ਤਾਂ ਤੂੰ (ਮਾਇਆ ਦੇ ਮੋਹ-ਰੂਪ) ਜਮ ਦੇ ਖਿਲਾਰੇ ਹੋਏ ਜਾਲ ਵਿਚ ਕਿਉਂ ਫਸੇਂ? (ਹੇ ਮੇਰੀ ਜਿੰਦੇ! ਵੇਖ) ਜਦੋਂ ਸ਼ਿਕਾਰੀ ਨੇ (ਪਾਣੀ ਵਿਚ) ਜਾਲ ਪਾਇਆ ਹੁੰਦਾ ਹੈ ਤੇ ਮੱਛੀ (ਭਿੱਤੀ ਦੇ ਲੱਬ ਵਿਚ ਫਸ ਕੇ ਜਾਲ ਵਿਚ ਫਸ ਜਾਂਦੀ ਹੈ ਤੇ ਪਾਣੀ ਤੋਂ) ਵਿਛੁੜ ਜਾਂਦੀ ਹੈ ਤਦੋਂ ਅੱਖਾਂ ਭਰ ਕੇ ਰੋਂਦੀ ਹੈ (ਇਸੇ ਤਰ੍ਹਾਂ ਜੀਵ ਨੂੰ) ਇਹ ਜਗਤ ਮਿੱਠਾ ਲੱਗਦਾ ਹੈ, ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਪਰ (ਫਸ ਕੇ) ਅੰਤ ਵੇਲੇ ਇਹ ਭੁਲੇਖਾ ਦੂਰ ਹੁੰਦਾ ਹੈ (ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮਾਇਕ ਪਦਾਰਥ ਭੀ ਸਾਥ ਛੱਡ ਜਾਂਦੇ ਹਨ) । ਹੇ ਮੇਰੀ ਜਿੰਦੇ! ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਭਗਤੀ ਕਰ ਕੇ ਇਸ ਤਰ੍ਹਾਂ ਆਪਣੇ ਮਨ ਵਿਚੋਂ ਫ਼ਿਕਰ-ਅੰਦੇਸ਼ੇ ਦੂਰ ਕਰ ਲੈ । ਨਾਨਕ ਆਖਦਾ ਹੈ—ਹੇ ਮੇਰੇ ਪਰਦੇਸੀ ਜੀਊੜੇ! ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ।੩। ਨਦੀਆਂ ਤੋਂ ਵਿਛੁੜੇ ਹੋਏ ਵਹਣਾਂ ਦਾ (ਨਦੀਆਂ ਨਾਲ ਮੁੜ) ਮੇਲ ਭਾਗਾਂ ਨਾਲ ਹੀ ਹੁੰਦਾ ਹੈ (ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਨਾਲੋਂ ਵਿਛੁੜੇ ਜੀਵ ਮੁੜ ਭਾਗਾਂ ਨਾਲ ਹੀ ਮਿਲਦੇ ਹਨ) ।
ਜੇਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਸਦਾ ਜ਼ਹਰ ਨਾਲ ਭਰਿਆ ਰਹਿੰਦਾ ਹੈ (ਤੇ ਜੀਵ ਨੂੰ ਆਤਮਕ ਮੌਤੇ ਮਾਰ ਦੇਂਦਾ ਹੈ) । ਅਜੇਹਾ ਕੋਈ ਵਿਰਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਕ ਅਡੋਲਤਾ ਵਿਚ ਟਿਕ ਕੇ ਇਸੇ ਅਸਲੀਅਤ ਨੂੰ ਸਮਝਦਾ ਹੈ ਤੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਦੀ ਭਟਕਣਾ ਵਿਚ ਕੁਰਾਹੇ ਪੈ ਕੇ ਅਨੇਕਾਂ ਮੂਰਖ ਗ਼ਾਫ਼ਿਲ ਜੀਵ ਖ਼ੁਆਰ ਹੁੰਦੇ ਹਨ । ਜੇਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਨਹੀਂ ਵਸਾਂਦੇ, ਉਹ ਆਖ਼ਰ ਢਾਹਾਂ ਮਾਰ ਮਾਰ ਕੇ ਰੋਂਦੇ ਹਨ । ਨਾਨਕ ਆਖਦਾ ਹੈ—ਸਦਾ-ਥਿਰ ਪ੍ਰਭੂ ਆਪਣੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੋੜ ਕੇ ਚਿਰਾਂ ਤੋਂ ਵਿਛੁੜੇ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੧॥੫॥