ਸਲੋਕ ਮਃ ੧ ॥
ਵੇਲਿ ਪਿੰਞਾਇਆ ਕਤਿ ਵੁਣਾਇਆ ॥
ਕਟਿ ਕੁਟਿ ਕਰਿ ਖੁੰਬਿ ਚੜਾਇਆ ॥
ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥
ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥
ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥
ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ॥
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥
ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ ਮਃ ੧ ॥
ਸਚ ਕੀ ਕਾਤੀ ਸਚੁ ਸਭੁ ਸਾਰੁ ॥
ਘਾੜਤ ਤਿਸ ਕੀ ਅਪਰ ਅਪਾਰ ॥
ਸਬਦੇ ਸਾਣ ਰਖਾਈ ਲਾਇ ॥
ਗੁਣ ਕੀ ਥੇਕੈ ਵਿਚਿ ਸਮਾਇ ॥
ਤਿਸ ਕਾ ਕੁਠਾ ਹੋਵੈ ਸੇਖੁ ॥
ਲੋਹੂ ਲਬੁ ਨਿਕਥਾ ਵੇਖੁ ॥
ਹੋਇ ਹਲਾਲੁ ਲਗੈ ਹਕਿ ਜਾਇ ॥
ਨਾਨਕ ਦਰਿ ਦੀਦਾਰਿ ਸਮਾਇ ॥੨॥ ਮਃ ੧ ॥
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ ਪਉੜੀ ॥
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥
ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥
ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥
ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥
ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥
ਸ਼ਨਿੱਚਰਵਾਰ, ੨੯ ਫੱਗਣ (ਸੰਮਤ ੫੫੩ ਨਾਨਕਸ਼ਾਹੀ) (ਅੰਗ ੯੫੫)
ਪੰਜਾਬੀ ਵਿਆਖਿਆ :
ਸਲੋਕ ਮਃ ੧ ॥
(ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ, ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ । (ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ । (ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ । ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ, (ਪਰ ਇਹ ਗੰਢਿਆ ਹੋੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ; (ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ) ।
ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ।੧। ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ, ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ; ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ, ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕੀ ਰਹਿੰਦੀ ਹੈ । ਜੇ ਸ਼ੇਖ਼ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ ‘ਸ਼ੇਖ਼’ ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਘੜਿਆ ਹੋਇਆ ਹੋਵੇ) ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ, ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ ਪ੍ਰਭੂ ਵਿਚ ਜੁੜਦਾ ਹੈ, ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ ।੨। ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ, (ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ।੩।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤਿ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ । ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ । ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ, ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸੇ੍ਰਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ । (ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ।੧੯।