ਅੱਜ ਦਾ ਹੁਕਮਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਸੂਹੀ ਮਹਲਾ ੫ ॥

File Photo

ਸੂਹੀ ਮਹਲਾ ੫ ॥
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥

ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥

ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥

ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥

ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥

ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥

ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥

ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥

ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥

ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥

ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥

ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥

ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥

ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥

ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥

ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥

ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥

ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥

ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥

ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹੀ ਚਰਣ ਕਮਲ ਮਨੁ ਲਾਗਾ ॥੪॥ ੩॥੬॥

ਬੁੱਧਵਾਰ, ੨੮ ਸਾਵਣ (ਸੰਮਤ ੫੫੨ ਨਾਨਕਸ਼ਾਹੀ) ਅੰਗ: ੭੮੦
ਸੂਹੀ ਮਹਲਾ ੫ ॥
ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ । ਹੇ ਮੇਰੇ ਪਿਆਰੇ! ਮੈÉ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ । ਮਿਹਰ ਕਰ) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ । (ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ । ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਂ) ਉਹ ਤੇਰਾ ਹੀ ਰੂਪ ਦਿੱਸੇ । ਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ । ਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ।੧।

ਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਂ) ਕੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ । ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ । ਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ । ਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤਿ ਟਿਕੀ ਰਹਿੰਦੀ ਹੈ । ਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ ।

ਹੇ ਨਾਨਕ! ਆਖਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ।੨। ਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ ।ਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ  (ਪ੍ਰਭੂ) ਪਾਰ ਲੰਘਾ ਦੇਂਦਾ ਹੈ । ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ । (ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ । (ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ । (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ ।

ਹੇ ਨਾਨਕ! ਆਖਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ।੩। ਹੇ ਭਾਈ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ, (ਜਿਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜੋ ਮਨੁੱਖ ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ, ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ, ਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ । ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤਿ (ਅਸੀ ਜੀਵਾਂ ) ਤੇਰੀ ਹੀ ਬਖ਼ਸ਼ੀ ਹੋਈ ਹੈ । ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! (ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ । ਹੇ ਨਾਨਕ! ਆਖਹੇ ਪ੍ਰਭੂ! (ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ।੪।੩।੬।