ਅੱਜ ਦਾ ਹੁਕਮਨਾਮਾ ( 13 ਅਪ੍ਰੈਲ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਵਡਹੰਸੁ ਮਹਲਾ ੫ ॥

Sri Harmandir Sahib

 

ਵਡਹੰਸੁ ਮਹਲਾ ੫ ॥

ਪ੍ਰਭ ਕਰਣ ਕਾਰਣ ਸਮਰਥਾ ਰਾਮ ॥

ਰਖੁ ਜਗਤੁ ਸਗਲ ਦੇ ਹਥਾ ਰਾਮ ॥

ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥

ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥

ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥

ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥

ਏਹਿ ਜੀਅ ਤੇਰੇ ਤੂ ਕਰਤਾ ਰਾਮ ॥

ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥

ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥

ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥

ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥

ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥

ਆਠ ਪਹਰ ਹਰਿ ਧਿਆਈਐ ਰਾਮ ॥

ਮਨ ਇਛਿਅੜਾ ਫਲੁ ਪਾਈਐ ਰਾਮ ॥

ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥

ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥

ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥

ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥

ਦਰਿ ਵਾਜਹਿ ਅਨਹਤ ਵਾਜੇ ਰਾਮ ॥

ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥

ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥

ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥

ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥

ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥

 

 

ਬੁੱਧਵਾਰ, ੩੧ ਚੇਤ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੭੮)

ਪੰਜਾਬੀ ਵਿਆਖਿਆ:

ਵਡਹੰਸੁ ਮਹਲਾ ੫ ॥

ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! (ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ । ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ । ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ।੧।ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ । ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ । ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ । ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ । ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ—ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ।੨।ਹੇ ਭਾਈ! ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ । ਹੇ ਭਾਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤਿਆਂ) ਮਨੋ-ਕਾਮਨਾ ਹਾਸਲ ਕਰ ਲਈਦੀ ਹੈ, ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ । ਹੇ ਭਾਈ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਗੋਬਿੰਦ ਦੀ ਸਿਫ਼ਤਿ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ । ਹੇ ਭਾਈ! ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ।੩।(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ, (ਜਿਸ ਮਨੁੱਖ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦਾ ਪ੍ਰਭਾਵ ਪ੍ਰਬਲ ਰਹਿੰਦਾ ਹੈ) ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ । ਹੇ ਭਾਈ! ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਪਰ (ਕਿਸੇ ਚਤੁਰਾਈ ਸਿਆਣਪ ਦੇ ਆਸਰੇ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ । ਹੇ ਭਾਈ! ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ । ਹੇ ਭਾਈ! ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ । ਨਾਨਕ ਬੇਨਤੀ ਕਰਦਾ ਹੈ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ, ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ, ਮਾਨੋ ਵਾਜੇ ਵੱਜ ਪੈਂਦੇ ਹਨ ।੪।੩।