ਅੱਜ ਦਾ ਹੁਕਮਨਾਮਾ (13 ਅਕਤੂਬਰ 2021)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ

Sachkhand Sri Harmandir Sahib

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ

ੴ ਸਤਿਗੁਰ ਪ੍ਰਸਾਦਿ ॥

ਘਰ ਦਰ ਫਿਰਿ ਥਾਕੀ ਬਹੁਤੇਰੇ ॥

ਜਾਤਿ ਅਸੰਖ ਅੰਤ ਨਹੀ ਮੇਰੇ ॥

ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ ਚੇਲੇ ਫੁਨਿ ਹੂਆ ॥

ਕਾਚੇ ਗੁਰ ਤੇ ਮੁਕਤਿ ਨ ਹੂਆ ॥

ਕੇਤੀ ਨਾਰਿ ਵਰੁ ਏਕੁ ਸਮਾਲਿ ॥

ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥

ਦਹ ਦਿਸ ਢੂਢਿ ਘਰੈ ਮਹਿ ਪਾਇਆ ॥

ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥

ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥

ਗੁਰਮੁਖਿ ਤੋਲਿ ਤੁੋਲਾਵੈ ਤੋਲੈ ॥

ਗੁਰਮੁਖਿ ਆਵੈ ਜਾਇ ਨਿਸੰਗੁ ॥

ਪਰਹਰਿ ਮੈਲੁ ਜਲਾਇ ਕਲੰਕੁ ॥

ਗੁਰਮੁਖਿ ਨਾਦ ਬੇਦ ਬੀਚਾਰੁ ॥

ਗੁਰਮੁਖਿ ਮਜਨੁ ਚਜੁ ਅਚਾਰੁ ॥

ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥

ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥

ਚੰਚਲੁ ਚੀਤੁ ਨ ਰਹਈ ਠਾਇ ॥

ਚੋਰੀ ਮਿਰਗੁ ਅੰਗੂਰੀ ਖਾਇ ॥

ਚਰਨ ਕਮਲ ਉਰ ਧਾਰੇ ਚੀਤ ॥

ਚਿਰੁ ਜੀਵਨੁ ਚੇਤਨੁ ਨਿਤ ਨੀਤ ॥

ਚਿੰਤਤ ਹੀ ਦੀਸੈ ਸਭੁ ਕੋਇ ॥

ਚੇਤਹਿ ਏਕੁ ਤਹੀ ਸੁਖੁ ਹੋਇ ॥

ਚਿਤਿ ਵਸੈ ਰਾਚੈ ਹਰਿ ਨਾਇ ॥

ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥

ਛੀਜੈ ਦੇਹ ਖੁਲੈ ਇਕ ਗੰਢਿ ॥

ਛੇਆ ਨਿਤ ਦੇਖਹੁ ਜਗਿ ਹੰਢਿ ॥

ਧੂਪ ਛਾਵ ਜੇ ਸਮ ਕਰਿ ਜਾਣੈ ॥

ਬੰਧਨ ਕਾਟਿ ਮੁਕਤਿ ਘਰਿ ਆਣੈ ॥

ਛਾਇਆ ਛੂਛੀ ਜਗਤੁ ਭੁਲਾਨਾ ॥

ਲਿਖਿਆ ਕਿਰਤੁ ਧੁਰੇ ਪਰਵਾਨਾ ॥

ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥

ਕਾਇਆ ਛੀਜੈ ਭਈ ਸਿਬਾਲੁ ॥੨੪॥

ਜਾਪੈ ਆਪਿ ਪ੍ਰਭੂ ਤਿਹੁ ਲੋਇ ॥

ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥

ਜਿਉ ਭਾਵੈ ਤਿਉ ਰਾਖਹਿ ਰਾਖੁ ॥

ਜਸੁ ਜਾਚਉ ਦੇਵੈ ਪਤਿ ਸਾਖੁ ॥

ਜਾਗਤੁ ਜਾਗਿ ਰਹਾ ਤੁਧੁ ਭਾਵਾ ॥

ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥

ਜੈ ਜੈ ਕਾਰੁ ਜਪਉ ਜਗਦੀਸ ॥

ਗੁਰਮਤਿ ਮਿਲੀਐ ਬੀਸ ਇਕੀਸ ॥੨੫॥

ਬੁੱਧਵਾਰ, ੨੮ ਅੱਸੂ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੯੩੨)

ਪੰਜਾਬੀ ਵਿਆਖਿਆ:

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ

ੴ ਸਤਿਗੁਰ ਪ੍ਰਸਾਦਿ ॥

(ਹੇ ਪਾਂਡੇ! ਗੁਰੂ ਦੀ ਮਤਿ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ । (ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ । ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ । (ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ । ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ ।

(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ, ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ ।੨੧। (ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤਿ) ਉਚਾਰਦਾ ਹੈ । ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ । ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ), (ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ । (ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ, ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ । (ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ ।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) ।੨੨। (ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ, ਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ । (ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ, ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ) । (ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ (ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ । (ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ ਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ ।੨੩।

(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ ਤਾਂ ਸਰੀਰ ਨਾਸ ਹੋ ਜਾਂਦਾ ਹੈ । ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ । (ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ । (ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ, (ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ) ।

(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ), ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ।੨੪। (ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ, ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ । (ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ—ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ; (ਪਰ) ਮੈਂ ਤੇਰੀ ਸਿਫ਼ਤਿ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤਿ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ । (ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ), ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ । ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ । (ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮਤਿ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ।੨੫।