ਸੂਹੀ ਮਹਲਾ ੫ ॥
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ ਤੇਰੀ ਟੇਕ ਭਰਵਾਸਾ ਤੁਮਰਾ ਜਪਿ ਨਾਮੁ ਤੁਮਾਰਾ ਉਧਰੇ ॥੧॥ ਰਹਾਉ ॥
ਅੰਧ ਕੂਪ ਤੇ ਕਾਢਿ ਲੀਏ ਤੁਮ ਆਪਿ ਭਏ ਕਿਰਪਾਲਾ ॥ ਸਾਰਿ ਸਮਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥ ਆਪਣੀ ਨਦਰਿ ਕਰੇ ਪਰਮੇਸਰੁ ਬੰਧਨ ਕਾਟਿ ਛਡਾਏ ॥
ਆਪਣੀ ਭਗਤਿ ਪ੍ਰਭਿ ਆਪਿ ਕਰਾਈ ਆਪੇ ਸੇਵਾ ਲਾਏ ॥੩॥ ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥ ਨਾਨਕ ਦਇਆ ਕਰੀ ਸੁਖਦਾਤੈ ਭੇਟਿਆ ਸਤਿਗੁਰੁ ਪੂਰਾ ॥੪॥੫॥੫੨॥
ਸ਼ਨਿਚਰਵਾਰ, ੧ ਚੇਤ (ਸੰਮਤ ੫੫੨ ਨਾਨਕਸ਼ਾਹੀ) (ਅੰਗ:੭੪੮)
ਸੂਹੀ ਮਹਲਾ ੫ ॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ । ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ।੧।ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ । ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ।੧।ਰਹਾਉ।ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ, ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ । ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ।੨।ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ । ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ । ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ।੩।ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ, (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ ।੪।੫।੫੨।