ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
ਵੀਰਵਾਰ, ੧ ਵੈਸਾਖ (ਸੰਮਤ ੫੫੪ ਨਾਨਕਸ਼ਾਹੀ) ੧੪ ਅਪ੍ਰੈਲ, ੨੦੨੨ (ਅੰਗ: ੧੩੩)
ਪੰਜਾਬੀ ਵਿਆਖਿਆ:
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿੰਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਣਹੋਂਦ ਹੈ, ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ? ਨਾਹ ਪੁੱਤਰ, ਨਾਹ ਇਸਤ੍ਰੀ, ਨਾਹ ਧੰਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸ਼ਵੰਤ ਧੰਦੇ ਦਾ ਮੋਹ ਸਾਰੀ ਲੁਕਾਈ ਨੂੰ ਹੀ ਵਿਆਪ ਰਿਹਾ ਹੈ, ਮਾਇਆ ਦੇ ਮੋਹ ਵਿਚ ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ ਆਤਮਕ ਮੌਤੇ ਮਰ ਰਹੀ ਹੈ। ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ। ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ ਪਰਮਾਤਮਾ ਤੋਂ ਬਿਨਾਂ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ। ਪ੍ਰਭੂ ਪ੍ਰੀਤਮ ਦੇ ਚਰਨੀਂ ਜੇਹੜੇ ਬੰਦੇ ਲੱਗਦੇ ਹਨ, ਉਹਨਾਂ ਦੀ ਲੋਕ ਪਰਲੋਕ ਵਿਚ ਭਲੀ ਸੋਭਾ ਹੁੰਦੀ ਹੈ। ਹੇ ਪ੍ਰਭੂ! ਤੇਰੇ ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ-ਸੰਤ ਪ੍ਰਭੂ ਮਿਲ ਪਏ।੩।