Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (14 ਜੂਨ 2024)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਸਲੋਕੁ ਮਃ ੩ ॥

Hukamnama Sahib

Ajj da Hukamnama Sri Darbar Sahib Today: ਸਲੋਕੁ ਮਃ ੩ ॥

ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥

ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥

ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥

ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥ ਮਃ ੩ ॥

ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥

ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥

ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥

ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥

ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ ਪਉੜੀ ॥

ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥

ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥

ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥

ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥

ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥

ਸ਼ੁੱਕਰਵਾਰ, ੧ ਹਾੜ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੫੫੪)

ਪੰਜਾਬੀ ਵਿਆਖਿਆ:

ਸਲੋਕੁ ਮਃ ੩ ॥

ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ, ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ । ਤਮੋ ਗੁਣ ਵਿਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ ਤੇ ਦਿਨ ਰਾਤ (ਤਮੋ ਗੁਣ ਵਿਚ) ਸੜਦਿਆਂ (ਉਸ ਦੀ ਉਮਰ) ਗੁਜ਼ਰਦੀ ਹੈ । (ਇਸ ਬਾਰੇ) ਕੁਝ ਆਖਿਆ ਨਹੀਂ ਜਾ ਸਕਦਾ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੋਈ ਹੁੰਦਾ ਹੈ ।੧।

ਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ—ਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ) ਮਾਲਕ ਨੂੰ ਯਾਦ ਕਰੋ, ਮਾਲਕ ਸਦਾ ਅੰਗ ਸੰਗ ਹੈ (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ । ਹਰੀ ਦਾ ਨਾਮ ਅਮਰ ਕਰਨ ਵਾਲਾ ਹੈ—ਇਹ ਦਾਰੂ ਵਰਤੋ, ਸਤਿਗੁਰੂ ਦਾ ਭਾਣਾ (ਮੰਨਣਾ) ਚਿਤ ਵਿਚ ਰੱਖੋ ਤੇ ਸਚਾ ਪਿਆਰ (ਰੂਪ) ਰਹਿਣੀ (ਧਾਰਨ ਕਰੋ), ਹੇ ਨਾਨਕ! (ਇਹ ਦਾਰੂ) ਏਥੇ (ਸੰਸਾਰ ਵਿਚ) ਸੁਖੀ ਰਖੇਗਾ ਤੇ ਅੱਗੇ (ਪਰਲੋਕ ਵਿਚ) ਹਰੀ ਨਾਲ ਰਲੀਆਂ ਮਾਣੋਗੇ ।੨।

ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ, ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ, ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ । ਹੇ ਨਾਨਕ! (ਕੋਈ ਵਿਰਲਾ) ਸੇਵਕ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਭੀ) ਰਤਾ ਮਾਤ੍ਰ ਭੀ ਕੋਈ ਤਮ੍ਹਾ ਨਹੀਂ ਹੈ ।੧੫।