Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (14 ਅਗਸਤ 2025)
Ajj da Hukamnama Sri Darbar Sahib: ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
Ajj da Hukamnama Sri Darbar Sahib: ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ ਪ੍ਰਸਾਦਿ ॥
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥
ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥
ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥
ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
ਲਾਹਾ ਨਾਮੁ ਰਤਨੁ ਜਪਿ ਸਾਰੁ ॥ ਲਬੁ ਲੋਭੁ ਬੁਰਾ ਅਹੰਕਾਰੁ ॥
ਲਾੜੀ ਚਾੜੀ ਲਾਇਤਬਾਰੁ ॥ ਮਨਮੁਖੁ ਅੰਧਾ ਮੁਗਧੁ ਗਵਾਰੁ ॥
ਲਾਹੇ ਕਾਰਣਿ ਆਇਆ ਜਗਿ ॥ ਹੋਇ ਮਜੂਰੁ ਗਇਆ ਠਗਾਇ ਠਗਿ ॥
ਲਾਹਾ ਨਾਮੁ ਪੂੰਜੀ ਵੇਸਾਹੁ ॥ ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥
ਆਇ ਵਿਗੂਤਾ ਜਗੁ ਜਮ ਪੰਥੁ ॥ ਆਈ ਨ ਮੇਟਣ ਕੋ ਸਮਰਥੁ ॥
ਆਥਿ ਸੈਲ ਨੀਚ ਘਰਿ ਹੋਇ ॥ ਆਥਿ ਦੇਖਿ ਨਿਵੈ ਜਿਸੁ ਦੋਇ ॥
ਆਥਿ ਹੋਇ ਤਾ ਮੁਗਧੁ ਸਿਆਨਾ ॥ ਭਗਤਿ ਬਿਹੂਨਾ ਜਗੁ ਬਉਰਾਨਾ ॥
ਸਭ ਮਹਿ ਵਰਤੈ ਏਕੋ ਸੋਇ ॥ ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥
ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥
ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥
ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥
ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥
ਵੀਰਵਾਰ, ੩੦ ਸਾਵਣ (ਸੰਮਤ ੫੫੭ ਨਾਨਕਸ਼ਾਹੀ)
(ਅੰਗ: ੯੩੧)
ਪੰਜਾਬੀ ਵਿਆਖਿਆ
(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ । ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ । ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ । ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ । ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ ।(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ ।੧੧।(ਹੇ ਪਾਂਡੇ!) ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ । ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ), ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ । (ਗੁਰੂ ਦੀ ਸਰਨ ਪੈ ਕੇ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਉਸ ਦੀ ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ; (ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ ।੧੨।(ਹੇ ਪਾਂਡੇ! ਪਰਮਾਤਮਾ ਦਾ) ਸੇ੍ਰਸ਼ਟ ਨਾਮ ਜਪ, ਸੇ੍ਰਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ । ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ, ਨਿੰਦਿਆ, ਖ਼ੁਸ਼ਾਮਦ, ਚੁਗ਼ਲੀ—ਇਹ ਹਰੇਕ ਕੰਮ ਮਾੜਾ ਹੈ । ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ) ।ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ, ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ । ਹੇ ਨਾਨਕ! ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ, ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ।੧੩।(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ, ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ ।(ਗੋਪਾਲ ਦੀ) ਭਗਤੀ ਤੋਂ ਬਿਨਾ ਜਗਤ (ਮਾਇਆ ਪਿੱਛੇ) ਝੱਲਾ ਹੋ ਰਿਹਾ ਹੈ । ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਮਾਇਆ ਦੀ ਤਿ੍ਰਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ । (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ ।੧੪।(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ । ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ) ।(ਹੇ ਪਾਂਡੇ!) ਜਗਤ ਭਟਕਣਾ ਵਿਚ (ਫਸਿਆ ਪਿਆ) ਹੈ, ਜਗਤ ਦਾ ਸਹਾਰਾ ਉਹ ਅਪਹੁੰਚ ਗੋਪਾਲ ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ ।(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ । ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ ।੧੫।