ਅੱਜ ਦਾ ਹੁਕਮਨਾਮਾ (15 ਮਈ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਰਾਗੁ ਸੂਹੀ ਮਹਲਾ ੧ ਘਰੁ ੩

Hukamnama Sahib

ਰਾਗੁ ਸੂਹੀ ਮਹਲਾ ੧ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥

ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥

ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥

ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥

ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥

ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥

ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥

ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥

ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥

ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥

ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥

ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥

ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥

ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥

ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ ॥

ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥

ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥

ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥੩॥

ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥

ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥

ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥

ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥

ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥

ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥

ਐਤਵਾਰ, ੨ ਜੇਠ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੭੬੪)

ਪੰਜਾਬੀ ਵਿਆਖਿਆ:

ਰਾਗੁ ਸੂਹੀ ਮਹਲਾ ੧ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਹੇ ਸੱਜਨ-ਪ੍ਰਭੂ! ਆ ਮੈਂ ਤੇਰਾ ਦਰਸ਼ਨ ਕਰ ਸਕਾਂ। ਹੇ ਸੱਜਣ! ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ ਕਿ ਮੈਨੂੰ ਤੇਰਾ ਦਰਸ਼ਨ ਹੋਵੇ। ਹੇ ਮੇਰੇ ਪ੍ਰਭੂ! ਮੇਰੀ ਬੇਨਤੀ ਸੁਣ, ਮੇਰੇ ਮਨ ਵਿਚ ਤੇਰੇ ਦਰਸ਼ਨ ਲਈ ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ। ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸ਼ਨ ਕਰ ਲਿਆ, ਉਹ ਪਵਿਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ ਦੀ ਖਿੱਚ ਦੇ ਰਾਹੀਂ ਤੂੰ ਉਸ ਨੂੰ ਮਿਲ ਪਿਆ।

 

ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ।੧। ਜਦੋਂ ਸੱਜਣ-ਪ੍ਰਭੂ ਜੀ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪਰਗਟਦੇ ਹਨ, ਤਾਂ ਜੀਵ-ਇਸਤ੍ਰੀ ਬਹੁਤ ਪ੍ਰਸੰਨ-ਚਿੱਤ ਹੋ ਜਾਂਦੀ ਹੈ। ਜਦੋਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੇ ਉਸ ਨੂੰ ਖਿੱਚ ਪਾਈ, ਤਾਂ ਠਾਕੁਰ ਜੀ ਦਾ ਦਰਸ਼ਨ ਕਰ ਕੇ ਉਹ ਅਡੋਲ-ਚਿੱਤ ਹੋ ਗਈ। ਜਦੋਂ ਪ੍ਰੇਮ-ਰੰਗ ਵਿਚ ਰੱਤੇ ਪਰਮਾਤਮਾ ਨੇ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਿਆ ਤਾਂ ਉਹ ਪ੍ਰਭੂ ਦੇ ਗੁਣਾਂ ਦੀ ਯਾਦ ਵਿਚ ਅਡੋਲ-ਆਤਮਾ ਹੋ ਗਈ ਤੇ ਬਹੁਤ ਪ੍ਰਸੰਨ-ਚਿੱਤ ਹੋ ਗਈ।

 

ਪੂਰਨ ਪੁਰਖ ਨੇ ਸਿਰਜਣਹਾਰ ਨੇ ਉਸ ਦੇ ਅੰਦਰੋਂ ਔਗਣ ਦੂਰ ਕਰ ਕੇ ਉਸ ਦੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ ਕਾਮਾਦਿਕ ਚੋਰਾਂ ਨੂੰ ਮਾਰ ਕੇ ਉਹ ਜੀਵ-ਇਸਤ੍ਰੀ ਉਸ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਈ, ਜੋ ਸਦਾ ਪੂਰੀ ਵਿਚਾਰ ਨਾਲ ਨਿਆਂ ਕਰਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਿਆਂ ਪਿਆਰੇ ਪ੍ਰਭੂ ਜੀ ਮਿਲ ਪੈਂਦੇ ਹਨ।੨। ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਲੱਭ ਲਿਆ, ਉਸ ਦੀ ਹਰੇਕ ਆਸ ਉਸ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਭਾਵ, ਉਸ ਦਾ ਮਨ ਦੁਨੀਆਂ ਦੀਆਂ ਆਸਾਂ ਆਦਿਕ ਵਲ ਨਹੀਂ ਦੌੜਦਾ ਭੱਜਦਾ। ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਲਿਆ, ਜੋ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਵਿਚ ਲੀਨ ਜੋ ਗਈ ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਨਹੀਂ ਜਾਪਦਾ।

 

ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਕਿਤੇ ਦੂਰ ਨਹੀਂ ਹਰੇਕ ਸਰੀਰ ਵਿਚ ਉਹੀ ਮੌਜੂਦ ਹੈ, ਸਾਰੀਆਂ ਜੀਵ-ਇਸਤ੍ਰੀਆਂ ਉਸੇ ਹੀ ਦੀਆਂ ਹਨ। ਉਹ ਆਪ ਹੀ ਆਨੰਦ ਦਾ ਸੋਮਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ ਆਪ ਹੀ ਆਪਣੇ ਮਿਲਾਪ ਦਾ ਆਨੰਦ ਦੇਂਦਾ ਹੈ। ਉਹ ਪਰਮਾਤਮਾ ਮੌਤ-ਰਹਿਤ ਹੈ, ਮਾਇਆ ਵਿਚ ਡੋਲਦਾ ਨਹੀਂ ਉਸ ਦਾ ਮੁੱਲ ਨਹੀਂ ਪੈ ਸਕਦਾ, ਭਾਵ, ਕੋਈ ਪਦਾਰਥ ਉਸ ਦੇ ਬਰਾਬਰ ਦਾ ਨਹੀਂ। ਉਸ ਸਦਾ ਥਿਰ ਰਹਿਣ ਵਾਲਾ ਹੈ, ਉਹ ਬੇਅੰਤ ਹੈ, ਪੂਰੇ ਗੁਰੂ ਦੇ ਰਾਹੀਂ ਉਸ ਦੀ ਪ੍ਰਾਪਤੀ ਹੁੰਦੀ ਹੈ। ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਦੇ ਆਪਣੇ ਨਾਲ ਮੇਲ ਦੇ ਢੋ ਢੁਕਾਂਦਾ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ, ਤਦੋਂ ਜੀ ਉਸ ਵਿਚ ਸੁਰਤਿ ਜੋੜਦਾ ਹੈ।੩।

 

ਪ੍ਰਭੂ-ਪਤੀ ਇਕ ਸੋਹਣੇ ਉੱਚੇ ਮਹਲ ਵਿਚ ਵੱਸਦਾ ਹੈ, ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ, ਉਹ ਤਿੰਨਾ ਲੋਕਾਂ ਦਾ ਨਾਥ ਹੈ। ਉਸ ਦੇ ਗੁਣ ਵੇਖ ਕੇ ਮੈਂ ਹੈਰਾਨ ਹੋੋ ਰਹੀ ਹਾਂ, ਚੌਹਾਂ ਪਾਸੀਂ ਸਾਰੇ ਸੰਸਾਰ ਵਿਚ ਉਸ ਦੀ ਜੀਵਨ-ਰੌ ਇਕ-ਰਸ ਰੁਮਕ ਰਹੀ ਹੈ। ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਨੂੰ ਵਿਚਾਰਦਾ ਹੈ, ਭਾਵ, ਆਪਣੇ ਮਨ ਵਿਚ ਵਾਸਉਂਦਾ ਹੈ, ਜਿਸ ਨੇ ਇਹ ਸ੍ਰੇਸ਼ਟ ਕਰਤੱਬ ਬਣਾ ਲਿਆ ਹੈ, ਜਿਸ ਦੇ ਪਾਸ ਪਰਮਾਤਮਾ ਦਾ ਨਾਮ ਰੂਪ ਰਾਹਦਾਰੀ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ, ਪਰ ਨਾਮ-ਹੀਣ ਖੋਟੇ ਮਨੁੱਖ ਨੂੰ ਉਸ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ। ਪ੍ਰਭੂ ਦੇ ਦਰ ਤੇ ਪ੍ਰਭੂ ਦਾ ਨਾਮ-ਰਤਨ ਹੀ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਪਾਸ ਪ੍ਰਭੂ-ਨਾਮ ਦਾ ਅ-ਰੁਕ ਪਰਵਾਨਾ ਹੈ, ਉਸ ਨੂੰ ਪ੍ਰਭੂ-ਦਰ ਤੇ ਪੂਰੀ ਇਜ਼ੱਤ ਮਿਲਦੀ ਹੈ ਉਸ ਦੀ ਅਕਲ ਉਕਾਈ-ਹੀਣ ਹੋ ਜਾਂਦੀ ਹੈ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ ਜੋ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਹੈ, ਉਹ ਅਬਿਨਾਸੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ।੪।੧।੩।