ਬਿਲਾਵਲੁ ਮਹਲਾ ੫ ॥
ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥
ਹਰਿ ਹਰਿ ਨਾਮੁ ਜਪਤ ਨਰ ਜੀਵੇ ॥
ਮਰਿ ਖੁਆਰੁ ਸਾਕਤ ਨਰ ਥੀਵੇ ॥੧॥
ਰਾਮ ਨਾਮੁ ਹੋਆ ਰਖਵਾਰਾ ॥
ਝਖ ਮਾਰਉ ਸਾਕਤੁ ਵੇਚਾਰਾ ॥੨॥
ਨਿੰਦਾ ਕਰਿ ਕਰਿ ਪਚਹਿ ਘਨੇਰੇ ॥
ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥
ਕਹੁ ਨਾਨਕ ਜਪਹਿ ਜਨ ਨਾਮ ॥
ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥
ਵੀਰਵਾਰ, ੧ ਹਾੜ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੮੦੬)
ਪੰਜਾਬੀ ਵਿਆਖਿਆ:
ਬਿਲਾਵਲੁ ਮਹਲਾ ੫ ॥
ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ।੧।ਰਹਾਉ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ।੧। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ । ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ।੨। ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ । (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ।੩। ਹੇ ਨਾਨਕ! (ਬੇ-ਸ਼ੱਕ) ਆਖ—ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ।੪।੧੩।੧੮।