Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਅਗਸਤ 2025
Ajj da Hukamnama Sri Darbar Sahib: ਸਲੋਕੁ ਮਃ ੩ ॥
Ajj da Hukamnama Sri Darbar Sahib: ਸਲੋਕੁ ਮਃ ੩ ॥
ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥
ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥
ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥
ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ ਮਃ ੩ ॥
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥
ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥
ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥
ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ ਪਉੜੀ ॥
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥
ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥
ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥
ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥
ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥
ਸ਼ੁੱਕਰਵਾਰ, ੩੧ ਸਾਵਣ (ਸੰਮਤ ੫੫੭ ਨਾਨਕਸ਼ਾਹੀ)
(ਅੰਗ: ੯੪੭)
ਪੰਜਾਬੀ ਵਿਆਖਿਆ
ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ, (ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ ।(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ । ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ।੧।ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ, (ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ; ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ; ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ ।(ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ) ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ।੨।(ਇਸ “ਵੇਕੀ ਸ੍ਰਿਸਟਿ” ਵਿਚ, ਪ੍ਰਭੂ ਨੇ) ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤਿ-ਸਾਲਾਹ ਵਿਚ ਲਾਇਆ ਹੋਇਆ ਹੈ, ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ-ਥਿਰ ਰਹਿਣ ਵਾਲਾ ‘ਨਾਮ’ ਬਖ਼ਸ਼ਿਆ ਹੋਇਆ ਹੈ ।ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ, ਇਹਨਾਂ (ਤੱਤਾਂ) ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, (ਸੋ, ਜਗਤ ਦੀ ਕਿਆ ਅਸਚਰਜ) ਮੁਕੰਮਲ ਬਣਤਰ ਬਣੀ ਹੋਈ ਹੈ, ਹਰ ਥਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ । (ਪ੍ਰਭੂ ਦੇ ਹੁਕਮ ਨੂੰ) ਮੰਨਿਆਂ (ਭਾਵ, ਹੁਕਮ ਵਿਚ ਤੁਰਿਆਂ ਹੀ) ਸੁਖ ਪਾਈਦਾ ਹੈ ।੩।