ਅੱਜ ਦਾ ਹੁਕਮਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

Hukamnama Sri Darbar Sahib Amritsar

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

ੴ ਸਤਿਗੁਰ ਪ੍ਰਸਾਦਿ ॥

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥

ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥

ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥

ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥

ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥

ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥

ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥

ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥

ਪੋਖੁ ਸੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

ਪੰਜਾਬੀ ਵਿਆਖਿਆ:

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

ੴ ਸਤਿਗੁਰ ਪ੍ਰਸਾਦਿ ॥

ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜੋਰ ਨਹੀਂ ਪਾ ਸਕਦਾ, ਕਿਉਂਕਿ ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।

ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ, ਮਾਇਆ ਉਸ ਨੂੰ ਮੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਚੁੱਭੀ ਲਾਈ ਹੈ। ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ। ਪਾਰਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੁੰਦਾ ਹੈ, ਉਹ ਮੁੜ ਉਸ ਦੇ ਚਰਨਾਂ ਤੋਂ ਵਿੱਛੜਦੀ ਨਹੀਂ। ਪਰ ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ। ਹੇ ਨਾਨਕ! ਉਹ ਬੜਾ ਦਿਆਲ ਹੈ, ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ। ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ, ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ।੧੧।