Panthak News: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹਣ ਦੀ ਕੀਤੀ ਅਪੀਲ
''ਲਾਂਘਾ ਖੁਲ੍ਹਣ ਨਾਲ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਹੋਰ ਵੀ ਸ਼ਾਂਤਮਈ ਤੇ ਸੁਖਾਵਾਂ ਹੋਵੇਗਾ ਤੇ ਇਕ ਦੂਸਰੇ ਨਾਲ ਆਪਸੀ ਸਾਂਝ ਵਧੇਗੀ''
Jathedar Gargajj appeals for early opening of Sri Kartarpur Sahib Corridor: ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਆਖਿਆ ਹੈ ਕਿ ਹੁਣ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਸੁਖਾਵਾਂ ਹੋ ਰਿਹਾ ਹੈ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਖੋਲ੍ਹਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਰੋਜ਼ਾਨਾ ਹੀ ਵਿਛੜੇ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰਾਂ ਲਈ ਅਰਦਾਸ ਕਰਦੇ ਹਨ, ਲਿਹਾਜ਼ਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਰੱਖਣਾ ਵਾਜਿਬ ਨਹੀਂ ਹੈ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਨਾਲ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਹੋਰ ਵੀ ਸ਼ਾਂਤਮਈ ਤੇ ਸੁਖਾਵਾਂ ਹੋਵੇਗਾ ਤੇ ਇਕ ਦੂਸਰੇ ਨਾਲ ਆਪਸੀ ਸਾਂਝ ਵਧੇਗੀ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਲਾਂਘਾ ਖੁਲ੍ਹਿਆ ਹੈ ਉਦੋਂ ਤੋਂ ਹੀ ਵੱਡੀ ਗਿਣਤੀ ਵਿਚ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਹੀ ਹੈ। ਇਸ ਲਈ ਲਾਂਘੇ ਨੂੰ ਜਲਦ ਹੀ ਖੋਲ੍ਹ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ।