ਸਿੱਖ ਸੰਗਤ ਨਿਊਜ਼ੀਲੈਂਡ ਟਰੱਸਟ ਦਾ ਉਦਮ : ਕ੍ਰਾਈਸਟਚਰਚ ਵਿਖੇ ਸਹਾਇਤਾ ਲਈ ਪਹੁੰਚੇ ਸਿੱਖ ਨੁਮਾਇੰਦੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖਾਣ-ਪੀਣ ਦੀਆਂ ਵਸਤਾਂ ਲੋੜ ਤੋਂ ਵੱਧ, ਹੋਰ ਲੋੜ ਨਹੀਂ

Sikh representatives in Christchurch

ਔਕਲੈਂਡ : ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਨੂੰ  ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਅਦਾਰਿਆਂ ਨੇ ਸਹਾਇਤਾ ਵਾਲੇ ਹੱਥ ਪੀੜਤ ਪ੍ਰਵਾਰਾਂ ਵਲ ਵਧਾਏ ਹਨ ਜਿਸ ਰਫ਼ਤਾਰ ਨਾਲ ਸਿੱਖ ਭਾਈਚਾਰਾ ਘੱਟ-ਗਿਣਤੀ ਦੇ ਨਾਲ ਸਾਥ ਦੇ ਸਕਦਾ ਸੀ, ਉਹ ਭਾਵੇਂ ਨਹੀਂ ਹੋਇਆ ਜਾਪਦਾ ਪਰ ਫਿਰ ਵੀ ਇਨ੍ਹਾਂ ਪੀੜਤ ਪ੍ਰਵਾਰਾਂ ਤਕ ਹੁਣ ਪਹੁੰਚ ਬਣਾ ਲਈ ਗਈ ਹੈ। ਸਿੱਖ ਸੰਗਤ ਨਿਊਜ਼ੀਲੈਂਡ ਟਰੱਸਟ ਵਲੋਂ ਇਕ ਜਥਾ ਅੱਜ ਸੇਵਾ ਕੈਂਪ ਵਜੋਂ ਪਹੁੰਚਿਆ।

ਉਨ੍ਹਾਂ ਪੀੜਤ ਪ੍ਰਵਾਰਾਂ ਨਾਲ ਗੱਲਬਾਤ ਕੀਤੀ। ਭੋਜਨ ਅਤੇ ਹੋਰ ਹਰ ਕਿਸੇ ਤਰ੍ਹਾਂ ਦੀ ਪੇਸ਼ਕਸ਼ ਕੀਤੀ। ਪਰ ਪ੍ਰਸ਼ਾਸਨ ਅਨੁਸਾਰ ਉਥੇ ਮੌਜੂਦ ਖਾਣ-ਪੀਣ ਦੀਆਂ ਵਸਤਾਂ ਐਨੀਆਂ ਪਹੁੰਚ ਚੁਕੀਆਂ ਹਨ ਕਿ ਹੁਣ ਹੋਰ ਲੋੜ ਨਹੀਂ। ਸਗੋਂ ਉਥੇ ਲਿਫ਼ਾਫ਼ੇ ਭਰੇ ਪਏ ਹਨ ਤਾਕਿ ਵਿਅਰਥ ਨਾ ਜਾਵੇ ਅਤੋ ਲੋਕਾਂ ਨੂੰ ਲਿਜਾਣ ਵਾਸਤੇ ਕਿਹਾ ਗਿਆ ਹੈ। ਇਸ ਜਥੇ ਨੇ ਅੰਤਮ ਰਸਮਾਂ ਲਈ ਸਹਾਇਤਾ ਰਾਸ਼ੀ ਦੀ ਪੇਸ਼ਕਸ਼ ਕੀਤੀ ਹੈ। ਹਸਪਤਾਲ ਤੋਂ ਮ੍ਰਿਤਕ ਸਰੀਰ ਪਛਾਣ ਕਰਨ ਤੋਂ ਬਾਅਦ ਹੁਣ ਪਰਵਾਰਾਂ ਨੂੰ ਸੌਂਪੇ ਜਾ ਰਹੇ ਹਨ। 

ਇਕ ਹੈਦਰਾਬਾਦ ਮੂਲ ਦੇ ਮ੍ਰਿਤਕ ਫ਼ਰਹਾਜ਼ ਦੇ ਭਾਰਤ ਤੋਂ ਆ ਰਹੇ ਮਾਪਿਆਂ ਵਾਸਤੇ ਟਿਕਟਾਂ ਦੀ ਸੇਵਾ ਲਈ ਗਈ ਹੈ। ਸਿੱਖ ਸੰਗਤ ਨੇ ਅੱਜ ਟ੍ਰਾਂਸਪੋਰਟ ਦੀ ਸੇਵਾ ਵੀ ਕੀਤੀ ਤੇ ਟਿਕਟ ਦੀ ਸੇਵਾ ਵੀ ਕੀਤੀ ਜਾ ਸਕਦੀ ਹੈ। ਪੀੜਤ ਪ੍ਰਵਾਰਾਂ ਨੂੰ ਕਿਸੇ ਪ੍ਰਕਾਰ ਦੇ ਰੈਣ ਬਸੇਰੇ ਦੀ ਲੋੜ ਨਹੀਂ ਹੈ। ਕੁਲ 7 ਭਾਰਤੀ ਮੂਲ ਦੇ ਲੋਕਾਂ ਦੇ ਮਰਨ ਦੀ ਗੱਲ ਸਾਹਮਣੇ ਆ ਰਹੀ ਹੈ।