ਸੋਰਠਿ ਮਹਲਾ ੫ ॥
ਤਾਪੁ ਗਵਾਇਆ ਗੁਰਿ ਪੂਰੇ ॥
ਵਾਜੇ ਅਨਹਦ ਤੂਰੇ ॥
ਸਰਬ ਕਲਿਆਣ ਪ੍ਰਭਿ ਕੀਨੇ ॥
ਕਰਿ ਕਿਰਪਾ ਆਪਿ ਦੀਨੇ ॥੧॥
ਬੇਦਨ ਸਤਿਗੁਰਿ ਆਪਿ ਗਵਾਈ ॥
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥ ਰਹਾਉ ॥
ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥
ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ॥੨॥੬॥੭੦॥
ਸ਼ਨਿਚਰਵਾਰ, ੫ ਵੈਸਾਖ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੬੨੬)
ਪੰਜਾਬੀ ਵਿਆਖਿਆ:
ਸੋਰਠਿ ਮਹਲਾ ੫ ॥
ਪੂਰੇ ਗੁਰੂ ਨੇ ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋਂ ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧। ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਨੇ ਆਪ ਉਸ ਦੀ ਹਰੇਕ ਪੀੜਾ ਦੂਰ ਕਰ ਦਿੱਤੀ। ਰਹਾਉ।ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਭੀ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ। ਹੇ ਭਾਈ! ਬਾਲਕ ਹਰਿ-ਗੋਬਿੰਦ ਨੂੰ ਭੀ ਪ੍ਰਭੂ ਨੇ ਆਪ ਬਚਾਇਆ ਹੈ, ਕਿਸੇ ਦੇਵੀ ਆਦਿਕ ਨੇ ਨਹੀਂ। ਹੇ ਦਾਸ ਨਾਨਕ! ਆਖ- ਮੈਂ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।