Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (18 ਅਗਸਤ 2024)
Ajj da Hukamnama Sri Darbar Sahib
Ajj da Hukamnama Sri Darbar Sahib: ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥
ਉਸੁ ਰਖਵਾਰਾ ਅਉਰੋ ਹੋਵੈ ॥
ਰਖਵਾਰੇ ਕਾ ਹੋਇ ਬਿਨਾਸ ॥
ਆਗੈ ਨਰਕੁ ਈਹਾ ਭੋਗ ਬਿਲਾਸ ॥੧॥
ਏਕ ਸੁਹਾਗਨਿ ਜਗਤ ਪਿਆਰੀ ॥
ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥
ਸੋਹਾਗਨਿ ਗਲਿ ਸੋਹੈ ਹਾਰੁ ॥
ਸੰਤ ਕਉ ਬਿਖੁ ਬਿਗਸੈ ਸੰਸਾਰੁ ॥
ਕਰਿ ਸੀਗਾਰੁ ਬਹੈ ਪਖਿਆਰੀ ॥
ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥
ਸੰਤ ਭਾਗਿ ਓਹ ਪਾਛੈ ਪਰੈ ॥
ਗੁਰ ਪਰਸਾਦੀ ਮਾਰਹੁ ਡਰੈ ॥
ਸਾਕਤ ਕੀ ਓਹ ਪਿੰਡ ਪਰਾਇਣਿ ॥
ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥
ਹਮ ਤਿਸ ਕਾ ਬਹੁ ਜਾਨਿਆ ਭੇਉ ॥
ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥
ਕਹੁ ਕਬੀਰ ਅਬ ਬਾਹਰਿ ਪਰੀ ॥
ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥
ਅਰਥ: (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ।੧।ਰਹਾਉ। (ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ) । (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ) । (ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ। ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ, ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ।੨। (ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ, ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ) । ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ, ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ।੩। ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ, ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ। ਹੇ ਕਬੀਰ! ਹੁਣ ਤੂੰ ਬੇਸ਼ੱਕ ਆਖ-ਮੈਥੋਂ ਤਾਂ ਇਹ ਮਾਇਆ ਪਰੇ ਹਟ ਗਈ ਹੈ, ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ।੪।੪।੭।