ਅੱਜ ਦਾ ਹੁਕਮਨਾਮਾ (19 ਨਵੰਬਰ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਤਿਲੰਗ ਮਹਲਾ ੧ ਘਰੁ ੩

Hukamnama Sri Darbar Sahib Amritsar

ਤਿਲੰਗ ਮਹਲਾ ੧ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥

ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥

ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥

ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥

ਸ਼ਨਿੱਚਰਵਾਰ, ੪ ਮੱਘਰ (ਸੰਮਤ ੫੫੪ ਨਾਨਕਸ਼ਾਹੀ) ੧੯ ਨਵੰਬਰ, ੨੦੨੨ (ਅੰਗ: ੭੨੧)

ਪੰਜਾਬੀ ਵਿਆਖਿਆ:

ਤਿਲੰਗ ਮਹਲਾ ੧ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਜਿਸ ਜੀਵ-ਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹ) ਦੀ ਪਾਹ ਲੱਗੀ ਹੋਵੇ, ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀ, ਕਿਉਂਕਿ (ਜਿੰਦ ਦਾ) ਇਹ ਚੋਲਾ (ਇਹ ਸਰੀਰ, ਇਹ ਜੀਵਨ) ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ।੧। ਹੇ ਮਿਹਰਬਾਨ ਪ੍ਰਭੂ! ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ, ਮੈਂ ਵਾਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ । ਜੋ ਬੰਦੇ ਤੇਰਾ ਨਾਮ ਲੈਂਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ।੧।ਰਹਾਉ।

(ਪਰ, ਹਾਂ!) ਜੇ ਇਹ ਸਰੀਰ (ਨੀਲਾਰੀ ਦੀ) ਮੱਟੀ ਬਣ ਜਾਏ, ਤੇ ਹੇ ਸੱਜਣ! ਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ-ਰੰਗ ਪਾਇਆ ਜਾਏ, ਫਿਰ ਮਾਲਿਕ-ਪ੍ਰਭੂ ਆਪ ਨੀਲਾਰੀ (ਬਣ ਕੇ ਜੀਵ-ਇਸਤ੍ਰੀ ਦੇ ਮਨ ਨੂੰ) ਰੰਗ (ਦਾ ਡੋਬਾ) ਦੇਵੇ, ਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ ।੨। ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵ-ਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮ-ਰੰਗ ਨਾਲ) ਰੰਗੇ ਗਏ ਹਨ, ਖਸਮ-ਪ੍ਰਭੂ (ਸਦਾ) ਉਹਨਾਂ ਦੇ ਕੋਲ (ਵੱਸਦਾ) ਹੈ ।

ਹੇ ਸੱਜਣ! ਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰ, ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ।੩। ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾ) ਰੰਗ ਚਾੜ੍ਹਦਾ ਹੈ, ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ ।੪।੧।੩।