ਅੱਜ ਦਾ ਹੁਕਮਨਾਮਾ (22 ਦਸੰਬਰ 2022)

ਏਜੰਸੀ

ਪੰਥਕ, ਹੁਕਮਨਾਮਾ

ਸਲੋਕੁ ਮਃ ੧ ॥

Hukamnama-sahib

 

ਸਲੋਕੁ ਮਃ ੧ ॥

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ ਮਃ ੧ ॥

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥ ਮਃ ੧ ॥

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥

ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥

ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨੑਾ ਸੂਤਕੁ ਨਾਹਿ ॥੩॥ ਪਉੜੀ ॥

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥

ਸਹਿ ਮੇਲੇ ਤਾ ਨਦਰੀ ਆਈਆ ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥

ਸਹਿ ਤੁਠੈ ਨਉ ਨਿਧਿ ਪਾਈਆ ॥੧੮॥

ਵੀਰਵਾਰ, ੭ ਪੋਹ (ਸੰਮਤ ੫੫੪ ਨਾਨਕਸ਼ਾਹੀ) ੨੨ ਦਸੰਬਰ, ੨੦੨੨ (ਅੰਗ: ੪੭੨)

ਪੰਜਾਬੀ ਵਿਆਖਿਆ :

ਸਲੋਕੁ ਮਃ ੧ ॥

ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ । ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ । ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ । ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ।੧। ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ); (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ); (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ।੨। ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ । (ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ । (ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ । ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ।੩। ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ । ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ । ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ । ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ।੧੮।