SGPC Elections: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਜੂਨ-ਜੁਲਾਈ ’ਚ ਹੋਣ ਦੀ ਸੰਭਾਵਨਾ
SGPC Elections: ਪੰਜਾਬ ਦੀਆਂ 110 ਸੀਟਾਂ ਤੋਂ 157 ਅਤੇ ਹਿਮਾਚਲ-ਚੰਡੀਗੜ੍ਹ ਤੋਂ ਇਕ ਇਕ ਮੈਂਬਰ ਚੁਣਨਾ
- ਕੁਲ 46,87,088 ਵੋਟਰਾਂ ’ਚ 27,93,472 ਬੀਬੀਆਂ ਦੀਆਂ ਵੋਟਾਂ
- ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਜਸਟਿਸ ਐਸ.ਐਸ ਸਾਰੋਂ ਦੀ ਸੇਵਾ ਕਾਲ ’ਚ ਹੋ ਸਕਦੈ ਹੋਰ ਵਾਧਾ
ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਲਈ ਸਤੰਬਰ 2011 ’ਚ ਹੋਈਆਂ ਆਮ ਚੋਣਾਂ ਦੇ ਪੌਣੇ 14 ਸਾਲ ਮਗਰੋਂ ਹੁਣ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਸਿੱਖ ਵੋਟਰਾਂ ਵਲੋਂ 159 ਮੈਂਬਰੀ ਜਨਰਲ ਹਾਊਸ ਵਾਸਤੇ ਜੂਨ-ਜੁਲਾਈ ’ਚ ਚੋਣਾਂ ਹੋਣ ਦੀ ਸੰਭਾਵਨਾ ਵਧੀ ਹੈ।
ਹਰਿਆਣਾ ਦੇ ਸਿੱਖਾਂ ਵਾਸਤੇ 40 ਮੈਂਬਰੀ ਵੱਖਰੀ ਗੁਰਦਵਾਰਾ ਕਮੇਟੀ ਦੀ ਚੋਣ ਜਨਵਰੀ ’ਚ ਪਹਿਲਾਂ ਹੀ ਹੋ ਚੁਕੀ ਹੈ।
ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ ਚੁਣਨ ਵਾਸਤੇ 46,87,088 ਸਿੱਖ ਵੋਟਰ ਬਣਾਏ ਗਏ ਹਨ, ਜਿਨ੍ਹਾਂ ’ਚ 27,93,472 ਬੀਬੀਆਂ ਹਨ ਅਤੇ ਬਾਕੀ 18,93,616 ਮਰਦ ਵੋਟਰ ਹਨ। ਫ਼ੋਟੋ ਸਮੇਤ ਵੋਰਟ ਫ਼ਾਰਮ ਅਤੇ ਵੋਟਰ ਲਿਸਟਾਂ ਬਣਾਉਣ ਵਾਲੇ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਾਈ ਇਕ ਰਿਟ ਪਟੀਸ਼ਨ ਦੇ ਆਧਾਰ ’ਤੇ ਭਾਵੇਂ ਵੋਟਰ ਲਿਸਟਾਂ ਨੂੰ ਅੰਤਮ ਰੂਪ ’ਚ ਛਾਪਣ ’ਤੇ ਰੋਕ ਲੱਗੀ ਹੈ ਪਰ ਇਸ ਕੇਸ ਦੀ ਅਗਲੀ ਸੁਣਵਾਈ ਮੌਕੇ 28 ਅਪ੍ਰੈਲ ਨੂੰ ਇਹ ਰਸਤਾ ਸਾਫ਼ ਹੋ ਜਾਵੇਗਾ।
ਅਧਿਕਾਰੀ ਨੇ ਇਹ ਵੀ ਦਸਿਆ ਕਿ ਚੀਫ਼ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਦੇ ਵੋਟਰ ਫ਼ਾਰਮਾਂ ਬਾਰੇ ਉਠਾਏ ਇਤਰਾਜ ਅਤੇ ਸ਼ਿਕਾਇਤਾਂ ਨੂੰ ਦੂਰ ਕਰ ਦਿਤਾ ਹੈ ਅਤੇ ਛੇਤੀ ਹੀ ਫ਼ਾਈਨਲ ਪ੍ਰਿੰਟ ਕਰਾ ਕੇ ਵੋਟਰ ਲਿਸਟਾਂ ਮਹੱਤਵਪੂਰਨ ਥਾਵਾਂ ’ਤੇ ਚਿਪਕਾ ਦਿਤੇ ਜਾਣਗੇ। ਅਧਿਕਾਰੀ ਨੇ ਦਸਿਆ ਕਿ ਚੋਣਾਂ ਜੂਨ-ਜੁਲਾਈ ’ਚ ਕਰਾਉਣ ਦੇ ਪ੍ਰਬੰਧ ਪੂਰੇ ਕਰ ਦਿਤੇ ਜਾਣਗੇ।
ਇਕ ਜੁਲਾਈ 2021 ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਚਾਰਜ ਸੰਭਾਲਣ ਅਤੇ ਸੇਵਾ ਕਾਲ ’ਚ ਮਿਲੇ ਵਾਧੇ ਬਾਰੇ ਪੁੱਛੇ ਜਾਣ ’ਤੇ ਚੋਣਾਂ ਨਾਲ ਸਬੰਧਤ ਸੂਤਰਾਂ ਨੇ ਦਸਿਆ ਕਿ ਮੁਢਲੀ 2 ਸਾਲ ਦੀ ਮਿਆਦ 30 ਜੂਨ 2023 ਨੂੰ ਪੂਰੀ ਹੋ ਗਈ ਸੀ ਅਤੇ ਮਗਰੋਂ 30 ਜੂਨ 2024 ਤਕ ਫਿਰ 2025 ਤਕ, 2 ਵਾਰ ਵਾਧਾ ਪੂਰਾ ਹੋ ਜਾਵੇਗਾ ਅਤੇ ਜੇ ਲੋੜ ਪਈ ਤਾਂ ਇਕ ਸਾਲ ਦਾ ਹੋਰ ਵਾਧਾ 30 ਜੂਨ 2026 ਤਕ ਮਿਲ ਜਾਵੇਗਾ।
ਇਥੇ ਇਹ ਦੱਸਣਾ ਬਣਦਾ ਹੈ ਕਿ ਇਹ ਚੋਣਾਂ ਐਕਟ ਮੁਤਾਬਕ ਹਰ ਪੰਜ ਸਾਲ ਬਾਅਦ ਕਰਵਾਣੀਆਂ ਬਣਦੀਆਂ ਹਨ ਪਰ ਹਰ ਵਾਰ ਲਮਲੇਟ ਹੋ ਜਾਂਦੀਆਂ ਹਨ। ਇਸ ਤੋਂ ਪਹਿਲਾਂ ਇਹ ਚੋਣਾਂ 2011, 2004,1996,1978,1964,1959 ਤੇ 1953 ’ਚ ਹੋਈਆਂ ਹਨ। ਗੁਰਦਵਾਰਾ ਐਕਟ 1925 ਅਨੁਸਾਰ ਸਿੱਖ ਵੋਟਰ ਦੀ ਉਮਰ 18 ਸਾਲ ਦੀ ਥਾਂ ਸ਼ੁਰੂ ਤੋਂ ਹੀ 21 ਸਾਲ ਦੀ ਚੱਲੀ ਆਉਂਦੀ ਹੈ।