ਜਥੇਦਾਰ ਗੜਗੱਜ ਦੀ ਵਾਰ-ਵਾਰ ਤਾਜਪੋਸ਼ੀ ਕਰਕੇ ਪੰਥ ਨੂੰ ਕਿਹਾ ਜਾ ਰਿਹਾ ਹੈ ਕਿ ਜਥੇਦਾਰ ਨੂੰ ਜਥੇਦਾਰ ਮੰਨ ਲਵੋ
25 ਅਕਤੂਬਰ ਨੂੰ ਨਿਹੰਗ ਸਿੰਘਾਂ, ਸਿੰਖ ਸੰਪਰਦਾਵਾਂ ਤੇ ਮਹਾਂਪੁਰਖਾਂ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ ਸਮਾਗਮ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਮੇਂ ਦੌਰਾਨ ਨਿਯੁਕਤ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਥਕ ਰਵਾਇਤਾਂ ਅਨੁਸਾਰ ਮਾਨਤਾ ਦੇਣ ਹਿੱਤ ਸਮੂਹ ਨਿਹੰਗ ਸਿੰਘ ਦਲ ਪੰਥਾ, ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਮਹਾਪੁਰਖਾਂ ਵਲੋਂ ਮਾਣ-ਸਨਮਾਨ ਦਿਵਾਉਣ ਹਿੱਤ 25 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ 10 ਵਜੇ ਰੱਖੇ ਗਏ ਇਸ ਵਿਸ਼ੇਸ਼ ਸਮਾਗਮ ਦੌਰਾਨ ਉਕਤ ਪੰਥਕ ਜਥੇਬੰਦੀਆਂ ਵਲੋਂ ਜਥੇਦਾਰ ਗੜਗੱਜ ਨੂੰ ਪੰਥਕ ਰਵਾਇਤਾਂ ਅਨੁਸਾਰ ਦਸਤਾਰਾਂ ਅਤੇ ਮਾਣ- ਸਨਮਾਨ ਦੇ ਕੇ ਪੰਥਕ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਅਤੇ ਸੰਗਤ ਦੀ ਹਾਜ਼ਰੀ ਤੋਂ ਬਗੈਰ ਹੀ ਜਥੇਦਾਰ ਦੀ ਤਾਜਪੋਸ਼ੀ ਕਰ ਦਿੱਤੀ ਗਈ ਸੀ ਜਿਸ ਕਰਕੇ ਸਮੂਹ ਜਥੇਬੰਦੀਆਂ, ਸੰਪਰਦਾਵਾਂ ਜਥੇਦਾਰ ਗੜਗੱਜ ਤੋਂ ਨਾਰਾਜ਼ ਚੱਲ ਰਹੀਆਂ ਸਨ। ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੀ ਜਥੇਦਾਰ ਗੜਗੱਜ ਦੀ ਨਿਯੁਕਤੀ ਤੇ ਖੁਸ਼ ਨਹੀਂ ਸਨ। ਗਿਆਨੀ ਰਘਬੀਰ ਸਿੰਘ ਨੇ ਇੱਥੋਂ ਤੱਕ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਤਾਜਪੋਸ਼ੀ ਮਰਿਆਦਾ ਤੇ ਪਰੰਪਰਾਵਾਂ ਤੋਂ ਉਲਟ ਕੀਤੀ ਗਈ ਹੈ। ਜਿਸ ਕਰਕੇ ਗਿਆਨੀ ਕੁਲਦੀਪ ਸਿੰਘ ਨੂੰ ਕਿਸੇ ਵੀ ਜਥੇਬੰਦੀ ਨੇ ਜਥੇਦਾਰ ਵਜੋਂ ਪ੍ਰਵਾਨ ਨਹੀਂ ਕੀਤਾ। ਪਰ ਹੁਣ ਗਿਆਨੀ ਰਘਬੀਰ ਸਿੰਘ ਤੇ ਐਡਵੋਕੇਟ ਧਾਮੀ ਨੇ ਵੀ ਮਰਿਆਦਾ ਤੇ ਪਰੰਪਰਾਵਾਂ ਨੂੰ ਛਿੱਕੇ ਟੰਗਦਿਆਂ ਸਿਆਸੀ ਦਬਾਅ ਹੇਠ ਜਥੇਦਾਰ ਗੜਗੱਜ ਨਾਲ ਸਹਿਮਤੀ ਬਣਾ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਵਿੱਚ ਆਪਣੇ ਡਿੱਗਦੇ ਮਿਆਰ ਨੂੰ ਉੱਪਰ ਚੁੱਕਣ ਲਈ ਹੀ ਜਥੇਦਾਰ ਗੜਗੱਜ ਦੀ ਨਿਯੁਕਤੀ ਕੀਤੀ ਸੀ ਤੇ ਨਿਯੁਕਤੀ ਤੋਂ ਬਾਅਦ ਜਥੇਦਾਰ ਗੜਗੱਜ ਦਾ ਵਿਰੋਧ ਹੁੰਦਿਆਂ ਵੇਖ ਹੁਣ ਸੁਖਬੀਰ ਸਿੰਘ ਨੇ ਆਪ ਸਾਰੀ ਕਮਾਂਡ ਆਪਣੇ ਹੱਥ ਵਿੱਚ ਲੈਂਦਿਆਂ ਪੰਥ ਪ੍ਰਸਿੱਧ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਜਥੇਦਾਰ ਗੜਗੱਜ ਨੂੰ ਮਾਨਤਾ ਦੇਣ ਲਈ ਕਿਹਾ। ਜਿਸ ਕਰਕੇ ਇਹ ਸਮਾਗਮ ਮੁੜ ਤੋਂ ਰੱਖਿਆ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਆਉਣ ਕਾਰਨ ਪੰਥਕ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋ ਰਹੇ ਭਾਰੀ ਵਿਰੋਧ ਦੇ ਚਲਦਿਆਂ ਸੁਖਬੀਰ ਬਾਦਲ ਨੇ ਪੰਥ ਪ੍ਰਸਿੱਧ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਆਪਣੇ ਨਾਲ ਰਲਾਉਣ ਦਾ ਯਤਨ ਕੀਤਾ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਇਜਲਾਸ ਵਿੱਚ ਵੀ ਸੁਖਬੀਰ ਬਾਦਲ ਦਾ ਧੜਾ ਹੀ ਅੱਗੇ ਆਵੇ ਤੇ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਬਦਲ ਦਾ ਹੀ ਹੋਵੇ।
ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਜਥੇਦਾਰ ਦੀ ਵਾਰ-ਵਾਰ ਤਾਜਪੋਸ਼ੀ ਕਰਕੇ ਪੰਥ ਨੂੰ ਕਹਿਆ ਜਾ ਰਿਹਾ ਹੈ ਕਿ ਜਥੇਦਾਰ ਨੂੰ ਜਥੇਦਾਰ ਮੰਨ ਲਵੋ। ਇਸ ਤੋਂ ਵੱਧ ਸਿੱਖ ਪੰਥ ਲਈ ਕਿ ਮਾੜੀ ਗੱਲ ਕੀ ਹੋ ਸਕਦੀ ਹੈ। ਕਿਤੇ ਨਾ ਕਿਤੇ ਸਿਆਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਰੀ ਹੋ ਰਹੀ ਹੈ ਜਿਸ ਕਰਕੇ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ। ਸਿੱਖ ਪੰਥ ਨੂੰ ਸੋਚਣ ਤੇ ਸਮਝਣ ਦੀ ਲੋੜ ਹੈ ਕਿ ਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਵਿੱਚ ਪ੍ਰਧਾਨ ਅਤੇ ਮੈਂਬਰਾਂ ਦੀ ਚੋਣ ਕਿਸ ਅਧਾਰ ਤੇ ਕਰਨੀ ਹੈ। ਪੰਥ ਦੀ ਜਮਾਤ ਨੂੰ ਬਚਾਉਣਾ ਹੈ ਜਾਂ ਡੋਬਣਾ ਹੈ ਇਹ ਸਿੱਖ ਪੰਥ ਤੇ ਹੱਥ ਵਿੱਚ ਹੈ।