ਬਿਹਾਗੜਾ ਮਹਲਾ ੫ ਛੰਤ ॥
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣਮੈ ਪਰਗਟ ਭਏ ॥
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣਨਿਧਿ ਗਾਇਆ ॥੪॥੫॥੮॥
ਵੀਰਵਾਰ, ੧੧ ਚੇਤ (ਸੰਮਤ ੫੫੪ ਨਾਨਕਸ਼ਾਹੀ) ੨੪ ਮਾਰਚ, ੨੦੨੨ (ਅੰਗ: ੫੪੭)
ਪੰਜਾਬੀ ਵਿਆਖਿਆ :
ਬਿਹਾਗੜਾ ਮਹਲਾ ੫ ਛੰਤ ॥
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ । (ਅਸੀ ਜੀਵ) ਕੋ੍ਰੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ । ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ । ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ, ਤੂੰ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈਂ । ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ ।
ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ।੧।ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ । ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ । ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ । ਹੇ ਪ੍ਰਭੂ! ਅਸੀ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ । (ਹੇ ਭਾਈ!) ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ । ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ । (ਹੇ ਭਾਈ!) ਨਾਨਕ ਬੇਨਤੀ ਕਰਦਾ ਹੈ—ਨਾਨਕ ਉਸ ਹਰੀ ਦਾ ਉਸ ਪ੍ਰਭੂ ਦਾ ਦਾਸ ਹੈ ਜੋ (ਸਭ ਜੀਵਾਂ ਦੀ) ਜਿੰਦ ਦਾ ਪ੍ਰਾਣਾਂ ਦਾ ਆਸਰਾ ਹੈ ।੨।
ਹੇ ਰਾਮ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ) । ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ । ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ । ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ । ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ । ਹੇ ਨਾਨਕ! (ਆਖ—) ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ।੩।
ਗੁਰੂ ਦੀ ਸੰਗਤਿ ਵਿਚ ਆ ਕੇ (ਜਿਸ ਮਨੁੱਖ ਨੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ (ਉਸ ਮਨੁੱਖ ਨੂੰ) ਉਸ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ । (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਪਰਗਟ ਹੁੰਦਾ ਹੈ) ਪ੍ਰਭੂ ਦੀ ਸੰਗਤਿ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ, ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ ।ਹੇ ਨਾਨਕ! (ਆਖ—) ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਤਿਆਗ ਕੇ ਸ਼ਾਂਤ-ਚਿਤ ਹੋ ਜਾਂਦੇ ਹਨ, ਉਹਨਾਂ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ ।੪।੫।੮।