ਅੱਜ ਦਾ ਹੁਕਮਨਾਮਾ (25 ਮਈ 2023)

ਏਜੰਸੀ

ਪੰਥਕ, ਹੁਕਮਨਾਮਾ

ਵਡਹੰਸੁ ਮਹਲਾ ੫ ॥

photo

 

ਵਡਹੰਸੁ ਮਹਲਾ ੫ ॥

ਸਾਧਸੰਗ ਹਰਿ ਅੰਮ੍ਰਿੁਤੁ ਪੀਜੈ ॥

ਨਾ ਜੀਉ ਮਰੈ ਨ ਕਬਹੁ ਛੀਜੈ ॥੧॥

ਵਡਭਾਗੀ ਗੁਰੁ ਪੂਰਾ ਪਾਈਐ ॥

ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥

ਰਤਨ ਜਵਾਹਰ ਹਰਿ ਮਾਣਕ ਲਾਲਾ ॥

ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥

ਜਤ ਕਤ ਪੇਖਉ ਸਾਧੂ ਸਰਣਾ ॥

ਹਰਿ ਗੁਣ ਗਾਏ ਨਿਰਮਲ ਮਨੁ ਕਰਣਾ ॥੩॥

ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥

ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥

ਵੀਰਵਾਰ, ੧੧ ਜੇਠ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੫੬੩)

ਪੰਜਾਬੀ ਵਿਆਖਿਆ :

ਵਡਹੰਸੁ ਮਹਲਾ ੫ ॥

ਹੇ ਭਾਈ! ਗੁਰੂ ਦੀ ਸੰਗਤਿ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਤਾ ਜਾ ਸਕਦਾ ਹੈ, (ਇਸ ਨਾਮ-ਜਲ ਦੀ ਬਰਕਤਿ ਨਾਲ) ਜਿੰਦ ਨਾਹ ਆਤਮਕ ਮੌਤੇ ਮਰਦੀ ਹੈ, ਨਾਹ ਕਦੇ ਆਤਮਕ ਜੀਵਨ ਵਿਚ ਲਿੱਸੀ ਹੁੰਦੀ ਹੈ ।੧।ਹੇ ਭਾਈ! ਪੂਰਾ ਗੁਰੂ ਵੱਡੀ ਕਿਸਮਤਿ ਨਾਲ ਮਿਲਦਾ ਹੈ, ਤੇ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ।੧।ਰਹਾਉ।ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ । ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ।੨।ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਗੁਰੂ ਦੀ ਸਰਨ ਹੀ (ਇਕ ਐਸਾ ਥਾਂ ਹੈ ਜਿਥੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ।੩।ਹੇ ਨਾਨਕ! (ਆਖ—) ਮੇਰਾ ਮਾਲਕ-ਪ੍ਰਭੂ (ਉਂਞ ਤਾਂ) ਹਰੇਕ ਸਰੀਰ ਵਿਚ ਵੱਸਦਾ ਹੈ (ਪਰ ਜਿਸ ਮਨੁੱਖ ਉੱਤੇ ਉਹ) ਪ੍ਰਭੂ ਪ੍ਰਸੰਨ ਹੁੰਦਾ ਹੈ (ਉਹੀ ਉਸ ਦਾ) ਨਾਮ (-ਸਿਮਰਨ) ਪ੍ਰਾਪਤ ਕਰਦਾ ਹੈ ।੪।੬।