ਸਲੋਕੁ ਮਃ ੧ ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥ ਮਃ ੧ ॥
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ ਮਃ ੧ ॥
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥ ਪਉੜੀ ॥
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥
ਵੀਰਵਾਰ, ੯ ਭਾਦੋਂ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੪੬੮)
ਪੰਜਾਬੀ ਵਿਆਖਿਆ:
ਸਲੋਕੁ ਮਃ ੧ ॥
ਹੇ ਪ੍ਰਭੂ। (ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖ਼ਿਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ) । ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ । ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ) । ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤਰ੍ਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਭੀ ਖੁੰਝਾਇਆ ਨਾ ਜਾਏ) । ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ । ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ । (ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ।੧। (ਜਗਤ ਵਿਚ ਜੀਵਾਂ ਵਾਸਤੇ) ਜੀਭ ਦਾ ਚਸਕਾ, ਮਾਨੋ, ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ, (ਇਸੇ ਲੱਬ ਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ, (ਇਸ ਨੂੰ) ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ । (ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤਿ੍ਰਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ । ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ; ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ । ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ । (ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ) । (ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ । (ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ ।
ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ । ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ।੨। ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ । ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ । ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ) । ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ।੩। (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ । ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ) । ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ; ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ । ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ।੧੧।