ਅੱਜ ਦਾ ਹੁਕਮਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਬਿਲਾਵਲੁ ਮਹਲਾ ੫ ॥

File Photo

ਬਿਲਾਵਲੁ ਮਹਲਾ ੫ ॥

ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥

ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥

ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥

ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥

ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥

ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥

ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥

ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥

ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥

ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥

ਐਤਵਾਰ, ੧੪ ਵੈਸਾਖ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੮੧੩)

ਬਿਲਾਵਲੁ ਮਹਲਾ ੫ ॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ । ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ।੧। (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ ।

ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ । ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ । ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ।੧।ਰਹਾਉ। (ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ । ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ।੨।

(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ । ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ।੩। ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! (ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ । ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ ।੪।੨੦।੫੦।